ਪਠਾਨਕੋਟ: ਸ਼ਹਿਰ 'ਚ ਇੱਕ ਵਿਦਿਆਰਥੀ ਨੂੰ ਪੱਬਜੀ ਗੇਮ ਖੇਡਣਾ ਬੇਹਦ ਮਹਿੰਗਾ ਪੈ ਗਿਆ। ਕਈ ਘੰਟਿਆਂ ਤੱਕ ਮੋਬਾਈਲ 'ਤੇ ਪੱਬਜੀ ਗੇਮ ਖੇਡਣ ਕਾਰਨ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਸ਼ਹਿਰ ਦੇ ਮੁਹੱਲਾ ਅੰਗੂਰਾਂ ਵਾਲਾ ਬਾਗ਼ ਦਾ ਵਸਨੀਕ ਸਾਹਿਲ 12 ਵੀਂ ਜਮਾਤ 'ਚ ਪੜ੍ਹਦਾ ਹੈ। ਸਾਹਿਲ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਦੇ ਕਹਿਣ 'ਤੇ ਪੱਬਜੀ ਗੇਮ ਖੇਡਣੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਨੂੰ ਇਸ ਦੀ ਲੱਤ ਲੱਗ ਗਈ ਤੇ ਉਹ ਆਪਣਾ ਜ਼ਿਆਦਾ ਸਮਾਂ ਪੱਬਜੀ ਖੇਡਣ 'ਚ ਬਤੀਤ ਕਰਦਾ ਸੀ। ਰੋਜ਼ ਵਾਂਗ ਹੀ ਉਹ ਰਾਤ ਨੂੰ ਪੱਬਜੀ ਗੇਮ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਹ ਬੇਚੈਨੀ ਮਹਿਸੂਸ ਕਰਨ ਲੱਗਾ।
ਉਸ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਕਰਵਾ ਰਹੇ ਸਾਹਿਲ ਨੇ ਕਿਹਾ ਕਿ ਉਹ ਮੁੜ ਮੋਬਾਈਲ ਗੇਮਜ਼ ਨਹੀਂ ਖੇਡੇਗਾ। ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀਆਂ ਮੋਬਾਈਲ ਗੇਮਜ਼ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।
ਉਥੇ ਹੀ ਜਦ ਸਾਹਿਲ ਦਾ ਇਲਾਜ ਕਰ ਰਹੇ ਡਾਕਟਰ ਬੀ.ਐੱਸ. ਕੰਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਲਗਾਤਾਰ ਕਈ ਘੰਟਿਆਂ ਤੱਕ ਗੇਮ ਖੇਡ ਰਿਹਾ ਸੀ। ਜਿਸ ਦੇ ਚਲਦੇ ਉਸ ਨੂੰ ਪੈਨਿਕ ਅਟੈਕ ਆਇਆ ਤੇ ਉਸ ਦੇ ਵਿਵਹਾਰ 'ਚ ਬਦਲਾਅ ਵੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਗੇਮਜ਼ ਨੂੰ ਲਗਾਤਾਰ ਕਈ ਘੰਟਿਆਂ ਤੱਕ ਖੇਡਣ ਵਾਲੇ ਲੋਕਾਂ ਨੂੰ ਮਾਨਸਿਕ ਬਿਮਾਰੀਆਂ, ਡਿਪ੍ਰੈਸ਼ਨ ਤੇ ਅੱਖਾਂ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਵਰਗੀ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਗੇਮਜ਼ ਤੋਂ ਦੂਰ ਰੱਖਣਾ ਚਾਹੀਦਾ ਹੈ।