ਮੋਗਾ: ਪੰਜਾਬ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦਾ ਮਾਮਲਾ ਮੋਗਾ ਦੇ ਪਿੰਡ ਨੂਰ ਤੋਂ ਆਇਆ, ਜਿੱਥੇ ਰੱਖੜੀ ਦੇ ਤਿਉਹਾਰ ਵਾਲੇ ਦਿਨ 2 ਭੈਣਾਂ ਦੇ ਸਕੇ ਭਰਾ ਨਵਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਪਰਿਵਾਰ ਸਦਮੇ ਵਿੱਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਾਈਂ ਦੇ ਪਿੰਡ ਨੂਰ ਦਾ ਰਹਿਣ ਵਾਲਾ ਹੈ। ਨੌਜਵਾਨ ਨਸ਼ਾ ਕਰਕੇ ਵਾਪਸ ਘਰ ਪਰਤ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਥਾਣਾ ਗੁਰੂਹਰਸਾਏ ਤੋਂ ਫੋਨ ਆਇਆ ਕਿ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ, ਕਿਰਪਾ ਕਰਕੇ ਮੋਗਾ ਪਹੁੰਚੋ। ਜਦੋਂ ਪਰਿਵਾਰ ਵਾਲੇ ਘਟਨਾ ਵਾਲੇ ਸਥਾਨ ਉੱਤੇ ਪਹੁੰਚੇ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਅਤੇ ਲਾਸ਼ ਵਿੱਚੋਂ ਟੀਕੇ ਤੇ ਸਰਿੰਜਾਂ ਮਿਲੀਆਂ। ਇਸ ਤੋਂ ਬਾਅਦ ਪਰਿਵਾਰ ਵਾਲੇ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ, ਤਾਂ ਨੌਜਵਾਨ ਨੂੰ ਮ੍ਰਿਤਕ ਪਾਇਆ।
ਮ੍ਰਿਤਕ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ: ਇਸ ਦੌਰਾਨ ਹੀ ਮ੍ਰਿਤਕ ਨਵਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਨੂੰ ਬਹੁਤ ਪੜ੍ਹਾਇਆ ਹੈ ਅਤੇ ਆਪਣਾ ਸਾਰਾ ਪੈਸਾ ਉਸ ਦੀ ਪੜ੍ਹਾਈ ਵਿੱਚ ਖਰਚ ਕੀਤਾ ਹੈ, ਪਰ ਫਿਰ ਵੀ ਉਹ ਬੀ.ਟੈਕ. ਕਰਕੇ ਵੀ ਬੇਰੁਜ਼ਗਾਰ ਸੀ ਅਤੇ ਨਸ਼ੇ ਦੀ ਲਤ ਵਿੱਚ ਫਸ ਗਿਆ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਗੁਜਰਾਤ ਭੇਜਿਆ ਗਿਆ ਸੀ ਤੇ ਨਸ਼ਾ ਛੱਡ ਕੇ ਉਹ ਵਾਪਸ ਘਰ ਆ ਰਿਹਾ ਸੀ, ਸਾਨੂੰ ਉਸ ਨੂੰ ਮਿਲਣਾ ਨਸੀਬ ਨਹੀਂ ਹੋਇਆ ਲਾਸ਼ ਮਿਲੀ ਹੈ। ਉਹਨਾਂ ਕਿਹਾ ਕਿ ਮੈਂ ਮੌਜੂਦਾ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਸਾਡੇ ਬੱਚੇ ਕਿਸੇ ਗਲਤ ਰਸਤੇ 'ਤੇ ਨਾ ਜਾਣ।
- Congress Leader News: ਸਾਬਕਾ ਮੰਤਰੀ ਦੇ ਪੁੱਤ ਵਲੋਂ ਨੌਜਵਾਨ ਨਾਲ ਕੁੱਟਮਾਰ ਮਾਮਲੇ 'ਚ ਆਇਆ ਨਵਾਂ ਮੋੜ, ਘਟਨਾ ਦੀ ਵੀਡੀਓ ਆਈ ਸਾਹਮਣੇ
- Vigilance Action News: ਵਿਜੀਲੈਂਸ ਅਧਿਕਾਰੀ ਬਣ ਕੇ ਵਿਅਕਤੀ ਤੋਂ 25 ਲੱਖ ਰੁਪਏ ਦੇ ਚੈੱਕ ਲੈਣ ਦੇ ਇਲਜ਼ਾਮ 'ਚ ਦੋ ਸਾਬਕਾ ਫੌਜੀਆਂ ਸਣੇ ਤਿੰਨ ਗ੍ਰਿਫ਼ਤਾਰ
- INDIA Alliance Meeting : ਮਹਾਂ ਗਠਜੋੜ INDIA ਦੀ ਅੱਜ ਸ਼ੁਰੂ ਹੋਵੇਗੀ ਤੀਜੀ ਮੀਟਿੰਗ, ਹੋ ਸਕਦੇ ਇਹ ਵੱਡੇ ਐਲਾਨ
ਪੁਲਿਸ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈ: ਇਸ ਦੌਰਾਨ ਹੀ ਤਫ਼ਤੀਸ਼ੀ ਅਫ਼ਸਰ ਬੂਟਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨਵਦੀਪ ਸਿੰਘ ਵਾਸੀ ਫ਼ਿਰੋਜ਼ਪੁਰ ਜ਼ਿਲ੍ਹਾ ਮੋਗਾ ਦੀ ਲਾਸ਼ ਪਿੰਡ ਨੱਥੂਆਣਾ ਗਰਵੀ ਮੋਗਾ ਦੇ ਖੇਤਾਂ 'ਚ ਮੋਟਰ 'ਤੋਂ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਨੌਜਾਵਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਇੱਕ ਦੀ ਭਾਲ ਜਾਰੀ ਹੈ। ਉਹਨਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।