ਮੋਗਾ: ਜ਼ਿਲ੍ਹੇ ਕਸਬਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਮੀਨੀਆ ਵਿਖੇ ਲਾਪਤਾ ਹੋਣ ਮਗਰੋਂ ਇੱਕ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਉਸ ਦੇ ਦੋਸਤਾਂ 'ਤੇ ਕਤਲ ਦੇ ਦੋਸ਼ ਲਾਏ। ਇਸ ਦੌਰਾਨ ਉਨ੍ਹਾਂ ਪੁਲਿਸ 'ਤੇ ਵੀ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਾਏ।
ਇਨਸਾਫ ਦੀ ਮੰਗ ਕਰਦਿਆਂ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਪੁਲਿਸ ਥਾਣੇ ਬਾਹਰ ਰੱਖ ਕੇ ਧਰਨਾ ਲਾਇਆ। ਇਸ ਦੌਰਾਨ ਵੱਡੀ ਗਿਣਤੀ 'ਚ ਪਿੰਡ ਵਾਸੀ ਵੀ ਮੌਜੂਦ ਰਹੇ। ਧਰਨਾ ਦੇਣ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਮੀਨੀਆ ਦੇ ਨਿਵਾਸੀ 30 ਸਾਲਾ ਨਛੱਤਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖ਼ਰੀ ਵਾਰ 15 ਫਰਵਰੀ ਨੂੰ ਗੱਲ ਹੋਈ ਸੀ। ਉਨ੍ਹਾਂ ਆਪਣੇ ਪੁੱਤਰ ਨੂੰ ਘਰ ਆਉਣ ਲਈ ਕਿਹਾ ਤਾਂ ਉਸ ਨੇ ਪਿੰਡ ਦੇ ਵਸਨੀਕ ਆਪਣੇ ਦੋਸਤ ਨਾਲ ਮੋਟਰਸਾਈਕਲ ਲਿਆਉਣ ਦੀ ਗੱਲ ਆਖੀ। ਨਛੱਤਰ ਸਿੰਘ ਆਪਣੇ ਦੋਸਤ ਨਾਲ ਪਿਨੂੰ ਨਾਲ ਬੱਸ 'ਚ ਸਵਾਰ ਹੋ ਮੋਟਰਸਾਈਕਲ ਖਰੀਦਣ ਲਈ ਬਰਨਾਲਾ ਗਿਆ ਸੀ। ਵਾਪਸੀ ਦੌਰਾਨ ਮੋਟਰਸਾਈਕਲ 'ਤੇ ਆਉਂਦੇ ਹੋਏ ਦੋਹਾਂ ਦਾ ਐਕਸੀਡੈਂਟ ਹੋ ਗਿਆ। ਜਿਸ ਦੇ ਚਲਦੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਮਗਰੋਂ ਨਛੱਤਰ ਸਿੰਘ ਕਈ ਦਿਨਾਂ ਤੱਕ ਘਰ ਨਹੀਂ ਪਰਤਿਆ। ਪਿੰਡ 'ਚ ਕਿਸੇ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਨਛੱਤਰ ਮੈਡੀਕਲ ਕਾਲਜ ਫ਼ਰੀਦਕੋਟ 'ਚ ਜ਼ੇਰੇ ਇਲਾਜ ਹੈ। ਜਦ ਉਹ ਉਥੇ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਕਤ ਲੜਕੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਥਾਨਕ ਥਾਣੇ ਵਿੱਚ ਨਛੱਤਰ ਦੇ ਗੁਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਪੁਲਿਸ ਉਸ ਦੀ ਭਾਲ ਨਹੀਂ ਕੀਤੀ। ਪੁੱਤਰ ਦੀ ਮੌਤ ਮਗਰੋਂ ਉਨ੍ਹਾਂ ਨੇ ਪਿੰਡ ਦੇ ਹੀ ਤਿੰਨ ਲੋਕਾਂ (ਪਿਨੂੰ ਤੇ ਉਸ ਦੇ ਸਾਥੀਆਂ ਖਿਲਾਫ) ਪੁਲਿਸ ਨੂੰ ਸ਼ਿਕਾਇਤ ਦਿੱਤੀ, ਪਰ ਪੁਲਿਸ ਵੱਲੋਂ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਚਲਦੇ ਉਨ੍ਹਾਂ ਨੂੰ ਮਜਬੂਰਨ ਧਰਨਾ ਲਾਉਣਾ ਪਿਆ।
ਇਸ ਬਾਰੇ ਜਦ ਸਥਾਨਕ ਡੀਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਮੁਤਾਬਕ ਮੁਲਜ਼ਮਾਂ ਖਿਲਾਫ ਕਤਲ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਡੀਐਸਪੀ ਨੇ ਪੀੜਤ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।