ਮੋਗਾ : ਪੰਜਾਬ ਦੇ ਸਿਹਤ ਸਹੂਲਤਾਂ ਅਤੇ ਮੈਡੀਕਲ ਸਿੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਟੀਚੇ ਤਹਿਤ 'ਹੋਲਿਸਟਿਕ ਹੈਲਥ ਕੇਅਰ' ਪ੍ਰੋਜੈਕਟ ਜਲਦ ਸ਼ੁਰੂ ਕੀਤਾ ਜਾਵੇਗਾ। ਉਹ ਅੱਜ ਮੋਗਾ ਵਿਖੇ ਜ਼ਿਲ੍ਹਾ ਦੇ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਲੋਕਾਂ ਨਾਲ ਸਿਹਤ ਖੇਤਰ ਵਿਚ ਹਾਂ ਪੱਖੀ ਬਦਲਾਅ ਲਿਆਉਣ ਲਈ ਵਿਚਾਰ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ 'ਹੋਲਿਸਟਿਕ ਹੈਲਥ ਕੇਅਰ' ਪ੍ਰਾਜੈਕਟ ਦੇ ਪਹਿਲੇ ਗੇੜ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ-ਇਕ ਅਜਿਹਾ ਸੈਂਟਰ ਖੋਲ੍ਹਿਆ ਜਾਵੇਗਾ ਜਿਥੇ ਕਿ ਲੋਕਾਂ ਨੂੰ ਹਾਈਪਰਟੈਂਸ਼ਨ ਅਤੇ ਸ਼ੂਗਰ ਵਰਗੀਆਂ ਆਮ ਬਿਮਾਰੀਆਂ ਤੋਂ ਬਚਾਅ, ਚੰਗੀ ਸਿਹਤ ਅਤੇ ਮੁੜ ਵਸੇਵੇ ਦੀ ਜਾਂਚ ਸਿਖਾਈ ਜਾਇਆ ਕਰੇਗੀ। ਉਨ੍ਹਾਂ ਕਿਹਾ ਅੱਧੀਆਂ ਬਿਮਾਰੀਆਂ ਦੀ ਜੜ੍ਹ ਤਾਂ ਉਕਤ ਦੋਵੇਂ ਬਿਮਾਰੀਆਂ ਹੀ ਹਨ। ਜੇਕਰ ਇਨ੍ਹਾਂ ਉੱਤੇ ਕਾਬੂ ਪਾ ਲਿਆ ਜਾਵੇ ਤਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਤੱਤਪਰ ਹੈ। ਸੂਬੇ ਵਿਚ 26 ਜਨਵਰੀ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 500 ਕਰ ਦਿੱਤੀ ਜਾਵੇਗੀ, ਜਿਸ ਨਾਲ ਲੋਕਾਂ ਖਾਸ ਕਰ ਕੇ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ 100 ਆਮ ਆਦਮੀ ਕਲੀਨਿਕਾਂ ਦਾ ਲਾਭ ਲਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ 271 ਮਾਹਿਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜਿਸ ਨਾਲ ਸੂਬਾ ਮਾਹਿਰ ਡਾਕਟਰਾਂ ਦੀ ਸਹੂਲਤ ਦੀ ਸ਼੍ਰੇਣੀ ਵਿੱਚ ਉਤਰੀ ਭਾਰਤ ਦਾ ਸਰਬੋਤਮ ਸੂਬਾ ਬਣ ਗਿਆ ਹੈ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੇ ਵਕੀਲ ਨੇ ਕਰਤੇ ਵੱਡੇ ਖ਼ੁਲਾਸੇ, ਇਸ ਵਜ੍ਹਾ ਕਰਕੇ ਨਹੀਂ ਹੋ ਰਹੀ ਰਿਹਾਈ
ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ 'ਫ਼ਰਿਸ਼ਤੇ ਯੋਜਨਾ' ਲਿਆਂਦੀ ਜਾ ਰਹੀ ਹੈ ਜਿਸ ਤਹਿਤ ਸੜਕ ਹਾਦਸੇ ਪੀੜਤ ਵਿਅਕਤੀ ਨੂੰ ਹਸਪਤਾਲ ਪੁਚਾਉਣ ਵਾਲੇ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਉਤਸ਼ਾਹੀ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਉਸਨੂੰ ਕਿਸੇ ਕੇਸ ਵਿੱਚ ਉਲਝਾਇਆ ਨਹੀਂ ਜਾਇਆ ਕਰੇਗਾ। ਉਹਨਾਂ ਕਿਹਾ ਕਿ ਜਲਦ ਹੀ ਸੂਬੇ ਦੇ ਸਾਰੇ ਨਰਸਿੰਗ ਹੋਮਾਂ, ਟੋਲ ਪਲਾਜ਼ਾ ਅਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਐਂਬੂਲੈਂਸ ਸਹੂਲਤਾਂ ਨੂੰ ਕਲੱਬ ਕਰਕੇ ਇਕ ਪੂਲ ਬਣਾਇਆ ਜਾਵੇਗਾ। ਇਹਨਾਂ ਦਾ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਹੰਗਾਮੀ ਹਾਲਤ ਵਿੱਚ ਲੋੜਵੰਦ ਵਿਅਕਤੀ ਇਸ ਸਹੂਲਤ ਦਾ ਲਾਭ ਲੈ ਸਕਣਗੇ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰਨ ਦੀ ਬਿਜਾਏ ਢੁਕਵੀਂ ਪ੍ਰਣਾਲੀ ਅਪਣਾ ਕੇ ਮੈਡੀਕਲ ਖੋਜਾਂ ਲਈ ਸਪੁਰਦ ਕਰਿਆ ਕਰਨ, ਤਾਂ ਜੋ ਮੈਡੀਕਲ ਖੋਜ ਕਾਰਜਾਂ ਵਿੱਚ ਤੇਜ਼ੀ ਅਤੇ ਨਵਾਂਪਣ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਆਯੂਰਵੈਦਿਕ ਕਾਲਜਾਂ ਨੂੰ ਮੈਡੀਕਲ ਟੂਰਿਜ਼ਮ ਵੱਲ ਖਾਸ ਤਵੱਜੋ ਦੇਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਆਯੂਰਵੇਦ ਸਰੀਰਕ ਤੇ ਮਾਨਸਿਕ ਇਲਾਜ ਦੀ ਸਭ ਤੋਂ ਪੁਰਾਣੀ ਵਿਧੀ ਹੈ ਅਤੇ ਮੌਜੂਦਾ ਸਮੇਂ ਇਸ ਦੀ ਮਹੱਤਤਾ ਹੋਰ ਜ਼ਿਆਦਾ ਵੱਧ ਗਈ ਹੈ, ਜਦੋਂ ਬਹੁਤ ਸਾਰੇ ਲੋਕ ਜੀਵਨ ਸ਼ੈਲੀ ‘ਚ ਆਏ ਬਦਲਾਅ ਕਾਰਨ ਕਈ ਮਾਨਸਿਕ ਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਹੇ ਹਨ।