ਮੋਗਾ: ਬੀਤੀ ਰਾਤ ਮੋਗਾ ਦੇ ਬੇਦੀ ਨਗਰ ਤੋਂ ਤਿੰਨ ਵਿਅਕਤੀਆਂ 'ਤੇ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚਮਕੌਰ ਸਿੰਘ ਨਾਂਅ ਦੇ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦਾ ਵੱਡਾ ਭਰਾ ਕੇਵਲ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਬਾਰੇ ਮ੍ਰਿਤਕ ਚਮਕੌਰ ਸਿੰਘ ਤੇ ਜ਼ਖ਼ਮੀ ਕੇਵਲ ਸਿੰਘ ਦੇ ਭਰਾ ਬਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਕੁਝ ਦਿਨ ਪਹਿਲਾਂ ਕਿਸੇ ਗੱਬਰ ਸਿੰਘ ਨਾਂਅ ਦੇ ਵਿਅਕਤੀ ਨਾਲ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਉਹ ਤਿੰਨੇ ਭਰਾ ਆਪਣੇ ਕੰਮ ਤੋਂ ਬਾਅਦ ਖਾਣਾ ਖਾ ਕੇ ਘਰ ਵੱਲ ਜਾ ਰਹੇ ਸਨ ਤਾਂ ਮੋੜ 'ਤੇ ਖੜ੍ਹੇ ਕੁਝ ਵਿਅਕਤੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਉਸ ਦੇ ਦੋਵੇਂ ਭਰਾਵਾਂ ਦੇ ਗੋਲੀਆਂ ਲੱਗੀਆਂ ਜਿਸ ਵਿੱਚ ਚਮਕੌਰ ਸਿੰਘ ਦੀ ਮੌਤ ਹੋ ਗਈ ਜਦਕਿ ਕੇਵਲ ਸਿੰਘ ਨੂੰ ਲੁਧਿਆਣਾ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।