ਮੋਗਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਇੱਥੋਂ ਦੇ ਜੱਚਾ-ਬੱਚਾ ਵਾਰਡ ਦਾ ਤਾਂ ਰੱਬ ਹੀ ਰਾਖਾ ਨਜ਼ਰ ਆਉਂਦਾ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਦੀ ਇੱਕ ਵੱਡੀ ਲਾਪ੍ਰਵਾਹੀ ਨੇ ਇੱਕ ਔਰਤ ਦੀ ਜਾਨ ਤੱਕ ਲੈ ਲਈ ਹੈ। ਤਾਜ਼ਾ ਮਾਮਲੇ ਵਿੱਚ ਬੱਚੇ ਦੇ ਜਨਮ ਸਮੇਂ ਇੱਕ ਮਹਿਲਾ ਦਾ ਅਪ੍ਰੇਸ਼ਨ ਕੀਤਾ ਗਿਆ, ਉਸ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਫੁੱਲ ਚੁੱਗਣ ਮੌਕੇ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਮ੍ਰਿਤਕ ਦੇ ਸਰੀਰ ਵਿੱਚੋਂ ਸਰਜਰੀਕਲ ਕੈਂਚੀ ਮਿਲੀ। ਪਰਿਵਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਅਤੇ ਸਿਹਤ ਵਿਭਾਗ ਨੂੰ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਬੁੱਧ ਸਿੰਘ ਵਾਲਾ ਦੀ ਗੀਤਾ ਨਾਮ ਦੀ ਇੱਕ ਔਰਤ ਨੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਬੱਚੀ ਨੂੰ ਜਨਮ ਦਿੱਤਾ ਸੀ। ਇਸੇ ਦੌਰਾਨ ਮਹਿਲਾ ਦੀ ਤਬੀਅਤ ਵਿਗੜਣੀ ਸ਼ੁਰੂ ਹੋ ਗਈ ਅਤੇ ਉਸ ਨੂੰ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਗੀਤਾ ਦੀ ਮਾਂ ਰਾਣੀ ਨੇ ਦੱਸਿਆ ਕਿ ਉਸ ਧੀ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਸੀ। ਇਸ ਮਗਰੋਂ ਸ਼ਨੀਵਾਰ ਤੋਂ ਹੀ ਉਸ ਦੀ ਹਾਲਤ ਵਿਗੜਣ ਲੱਗੀ ਅਤੇ ਉਨ੍ਹਾਂ ਨੇ ਡਾਕਟਰਾਂ ਨੂੰ ਇਲਾਜ ਲਈ ਦੁਹਾਈ ਲਗਾਈ। ਇਸੇ ਦੌਰਾਨ ਐਤਵਾਰ ਨੂੰ ਉਸ ਦੀ ਜਿਆਦਾ ਹਾਲਤ ਵਿਗੜਣ 'ਤੇ ਉਸ ਨੂੰ ਡਾਕਟਰਾਂ ਨੇ ਫ਼ਰੀਦਕੋਰ ਰੈਫਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਕੈਂਚੀ ਫੁੱਲ ਚੁੱਗਣ ਲੱਗੀ ਮਿਲੀ ਹੈ ਇਹ ਕੈਂਚੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਅਪ੍ਰੇਸ਼ਨ ਸਮੇਂ ਉਸ ਦੀ ਧੀ ਦੇ ਪੇਟ ਵਿੱਚ ਲਾਪ੍ਰਵਾਹੀ ਨਾਲ ਛੱਡ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋਈ ਹੇ।
ਮ੍ਰਿਤਕ ਦੀ ਮਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਡਾਕਟਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਮੌਤ ਦਾ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ ਹੈ।
ਇਸ ਸਾਰੇ ਮਾਮਲੇ ਬਾਰੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਮਾਮਲੇ ਦੀ ਗੰਭੀਰਤ ਨੂੰ ਦੇਖਦੇ ਹੋਏ ਢੁੱਡੀਕੇ ਬਲਾਕ ਦੇ ਫਾਰਮਾਸਿਸਟ ਨੂੰ ਮੌਕੇ 'ਤੇ ਭੇਜ ਕੇ ਪੁਲੀਸ ਨੂੰ ਅਸਥੀਆਂ ਵਿੱਚੋਂ ਕੈਂਚੀ ਰਿਕਵਰ ਕਰਵਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਐਕਸਪਰਟ ਕਮੇਟੀ ਤੋਂ ਕਰਵਾਈ ਜਾਵੇਗੀ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਜਾਂ ਡਾਕਟਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇ ਫੁੱਲਾਂ ਵਿੱਚੋਂ ਕੈਂਚੀ ਰਿਕਵਰ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਚ ਅਫ਼ਸਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਗੀਤਾ ਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਦੋ ਮਹੀਨੇ ਪਹਿਲਾਂ ਹੀ ਦੁਬਾਈ ਗਿਆ ਹੈ। ਇਸ ਘਟਨਾ ਤੋਂ ਬਾਅਦ ਇਾਲਕੇ ਵਿੱਚ ਵੱਡੇ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ।