ਮੋਗਾ: ਕਸਬਾ ਫਤਿਹਗੜ੍ਹ ਪੰਜਤੂਰ ਨੇੜੇ ਕੁਝ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਨਾਕੇ 'ਤੇ ਇੱਕ ਪੁਲਿਸ ਮੁਲਾਜ਼ਮ 'ਤੇ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਥਾਣੇਦਾਰ ਦੀਆਂ ਲੱਤਾਂ ਟੁੱਟ ਗਈਆਂ। ਘਟਨਾਂ ਤੋਂ ਬਾਅਦ ਕਾਰ ਸਵਾਰ ਮੌਕੇ 'ਤੇ ਫਰਾਰ ਹੋ ਗਏ।
ਜ਼ਖ਼ਮੀ ਥਾਣੇਦਾਰ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਾਰ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਥਾਣਾ ਫਤਿਹਗੜ੍ਹ ਪੰਜਤੂਰ ਵਿਖੇ ਬਤੌਰ ਸਹਾਇਕ ਥਾਣੇਦਾਰ ਦੇ ਅਹੁਦੇ 'ਤੇ ਤੈਨਾਤ ਹੈ।
ਉਨ੍ਹਾਂ ਦੱਸਿਆ ਕਿ 29 ਅਗਸਤ ਦੀ ਸ਼ਾਮ ਨੂੰ ਉਹ ਪੁਲਿਸ ਪਾਰਟੀ ਸਮੇਤ ਪਿੰਡ ਕੜਾਹੇਵਾਲਾ ਵਿਖੇ ਨਾਕੇ 'ਤੇ ਤੈਨਾਤ ਸੀ ਤੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਵਿੱਚ ਬੈਠੇ ਵਿਅਕਤੀਆਂ ਨੇ ਕਾਰ ਨੂੰ ਰੋਕਣ ਦੀ ਬਜਾਏ ਥਾਣੇਦਾਰ 'ਤੇ ਕਾਰ ਚੜ੍ਹਾ ਦਿੱਤੀ ਅਤੇ ਉਸ ਨੂੰ ਦੂਰ ਤੱਕ ਘੜੀਸਦੇ ਲੈ ਗਏ।
ਇਸ ਘਟਨਾਂ ਵਿੱਚ ਥਾਣੇਦਾਰ ਦੀਆਂ ਦੋਵੇ ਲੱਤਾਂ ਟੁੱਟ ਗਈਆਂ। ਪੁਲਿਸ ਨੇ ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।