ਮੋਗਾ: ਦਿੱਲੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾਕਟਰ ਹਰਜੋਤ ਕਮਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਦੇ ਚੱਲਦੇ ਉਨ੍ਹਾਂ ਦੀ ਡਿਊਟੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਹੀ ਉਨ੍ਹਾਂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਅਤੇ ਪਾਰਟੀ ਉਮੀਦਵਾਰ ਹਰਜੋਤ ਕਮਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਸ਼ਹਿਰ ਵਿੱਚ ਹਰਜੋਤ ਕਮਲ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ ਅਤੇ ਲੋਕਾਂ ਦਾ ਉਨ੍ਹਾਂ ਦੇ ਉਮੀਦਵਾਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੰਸ ਨੇ ਕਿਹਾ ਕਿ ਪੰਜਾਬ ਕਿਸੇ ਸਮੇਂ ਸੋਨੇ ਦੀ ਚਿੜ੍ਹੀ ਕਹਾਂਉਂਦਾ ਸੀ, ਪਰ ਵੱਖ ਵੱਖ ਦੌਰਾਂ ‘ਚ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਹਾਸ਼ੀਏ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬੀਆਂ ਨੂੰ ਪ੍ਰੋ: ਮੋਹਣ ਸਿੰਘ ਦੀ ਰਚਨਾ ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨੱਗ ਪੰਜਾਬ ਦਾ’ ਵਾਂਗ ਬਣਾਉਣ ਲਈ ਮੁੜ ਤੋਂ ਹੰਬਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਪੂਰੀ ਤਰ੍ਹਾਂ ਚਿੰਤਤ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਵਾਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇ ਤਾਂ ਕਿ ਪੰਜਾਬ ਨੂੰ ਵੀ ਹਰਿਆਣਾ ਵਰਗਾ ਖੁਸ਼ਹਾਲ ਸੂਬਾ ਬਣਾ ਸਕੀਏ।
ਇਸ ਦੌਰਾਨ ਹੀ ਹੰਸ ਨੇ ਡਬਲ ਇੰਜਣ ਸਰਕਾਰ ਦਾ ਮਤਲਬ ਸਮਝਾਉਂਦੇ ਕਿਹਾ ਕਿ ਜੇ ਸਰਕਾਰ ਕੇਂਦਰ ਵਿੱਚ ਹੈ ਅਤੇ ਉਹੀ ਸਰਕਾਰ ਭਾਵ ਭਾਜਪਾ ਪੰਜਾਬ ਵਿੱਚ ਆਉਂਦੀ ਹੈ ਤਾਂ ਹੀ ਪੰਜਾਬ ਦਾ ਵਿਕਾਸ ਹੋ ਸਕੇਗਾ।
ਇਹ ਵੀ ਪੜ੍ਹੋ: ਭਾਜਪਾ ਦਾ ਮਿਸ਼ਨ ਪੰਜਾਬ, ਵਿਰੋਧੀਆਂ 'ਤੇ ਗਰਜੇ ਮੋਦੀ