ਮੋਗਾ: ਬੀਤੇ ਦਿਨੀ ਜ਼ਿਲ੍ਹੇ 'ਚ ਇੱਕ ਵਿਅਕਤੀ ਦੀ ਅਗਵਾਹੀ ਦੇ ਮਾਮਲੇ 'ਚ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ 2 ਘੰਟਿਆਂ 'ਚ ਮਾਮਲਾ ਸੁਲਝਾ ਕੇ ਅਗਵਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਅਗਵਾਹ ਹੋਏ ਮਨੀ ਐਕਸਚੇਂਜ ਦੇ ਮਾਲਕ ਨੂੰ ਸੁਰੱਖਿਅਤ ਛੁਡਾ ਲਿਆ ਅਤੇ 2 ਵਿਅਕਤੀਆਂ ਨੂੰ ਅਸਲਾ ਤੇ ਲੁੱਟੀ ਹੋਈ ਰਾਸ਼ੀ ਨਾਲ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਸੋਹਣ ਸਿੰਘ ਬੁੱਧਵਾਰ ਸਵੇਰੇ 6 ਵੱਜ ਰਮਕੋਟ ਦੇ ਮੁੱਖ ਬਜ਼ਾਰ ਵਿੱਚ ਸਥਿਤ ਆਪਣੀ ਦਵਾਈਆਂ ਅਤੇ ਮਨੀ ਐਕਸਚੇਂਜ ਦੀ ਦੁਕਾਨ ਵਿੱਚ ਪਹੁੰਚਿਆ।
ਸੁਖਦੇਵ ਕੋਲ ਉਸ ਵੇਲੇ ਅਲੱਗ ਅਲੱਗ ਦੇਸ਼ਾਂ ਦੀ ਕਰੰਸੀ ਦੀ 4.20 ਲੱਖ ਦੀ ਰਾਸ਼ੀ ਸੀ ਅਤੇ ਉਸ ਦੇ ਕੋਲ ਸੋਨੇ ਦੇ ਗਹਿਣੇ ਸਨ। ਜਦੋ ਉਹ ਆਪਣੀ ਮਰੂਤੀ ਬਰੇਜ਼ਾ ਕਾਰ ਪਾਰਕ ਕਰ ਰਿਹਾ ਸੀ ਤਾਂ 2 ਵਿਅਕਤੀਆਂ ਨੇ ਉਸ ਨੂੰ 32 ਬੋਰ ਦੇ ਪਿਸਟਲ ਦਿਖਾ ਕੇ ਕਾਰ ਸਮੇਤ ਅਗਵਾ ਕਰ ਲਿਆ।
ਸੁਖਦੇਵ ਸਿੰਘ ਨੇ ਅਗਵਾਹ ਕਰਨ ਵਾਲਿਆਂ ਨੂੰ ਛੱਡਣ ਦੀ ਅਪੀਲ ਕੀਤੀ ਤਾਂ ਇੱਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਦੇ ਕਿਸੇ ਲਵਲੀ ਨਾਂਅ ਦੀ ਔਰਤ ਨਾਲ ਨਜਾਇਜ਼ ਸਬੰਧ ਹਨ ਅਤੇ ਸੁਖਦੇਵ ਨੂੰ ਮਾਰਨ ਲਈ 20 ਲੱਖ ਦੀ ਸੁਪਾਰੀ ਦਿੱਤੀ ਗਈ ਹੈ ਜਿਸ ਵਿੱਚੋ 1 ਲੱਖ ਰੁਪਏ ਉਨ੍ਹਾਂ ਨੂੰ ਅਡਵਾਂਸ ਮਿਲਿਆ ਹੈ। ਉਨਾਂ ਅੱਗੇ ਦੱਸਿਆ ਕਿ ਅਗਵਾਹਕਾਰ ਸੁਖਦੇਵ ਸਿੰਘ ਨੂੰ 2 ਘੰਟੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਘੁੰਮਾਉਂਦੇ ਰਹੇ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸਨੇ ਕੋਈ ਚੁਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਖਤ ਨਤੀਜੇ ਭੁਗਤਣੇ ਪੈਣਗੇ।
ਅਗਵਾਹਕਾਰਾਂ ਨੇ ਸੁਖਦੇਵ ਸਿੰਘ ਨੂੰ ਕਿਹਾ ਕਿ ਉਹ ਆਪਣੇ ਦੁਕਾਨ ਦੇ ਹੈਲਪਰ ਨੂੰ ਫੋਨ ਕਰਕੇ ਕਹੇ ਕਿ ਉਹ ਦੁਕਾਨ ਖੋਲ੍ਹ ਲਵੇ ਅਤੇ ਉਹ ਥੋੜਾ ਲੇਟ ਆਵੇਗਾ। ਇਸ ਘਟਨਾ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਉਨ੍ਹਾਂ ਫੌਰੀ ਕਾਰਵਾਈ ਕਰਦਿਆਂ ਅਗਵਾਹਕਾਰਾਂ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਅਤੇ ਬੋਹੜ ਸਿੰਘ ਕਾਬੂ ਕਰ ਲਿਆ। ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਕੋਲੋ 4 ਲੱਖ 20 ਹਜ਼ਾਰ ਦੀ ਨਗਦੀ, ਗਹਿਣੇ, 12 ਬੋਰ ਪਿਸਟਲ ਅਤੇ ਪੀੜਤ ਦਾ ਲਾਇਸੰਸੀ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।