ਮੋਗਾ : ਪੰਜਾਬ ਅੰਦਰ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਠੱਲਣ ਦਾ ਨਾਂਅ ਨਹੀਂ ਲੈ ਰਿਹਾ। ਜਿੱਥੇ ਸਰਕਾਰ ਹਰ ਰੋਜ਼ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਨਸ਼ਾ ਖਤਮ ਕਰਨ ਲਈ ਪੁਰਜੋਰ ਕੋਸ਼ਿਸ਼ਾਂ ਕਰ ਰਹੇ ਹਾਂ ਓਥੇ ਹੀ ਪੰਜਾਬ ਅੰਦਰ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਦਾ ਨਜਰ ਨਹੀਂ ਆ ਰਿਹਾ। ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਨਸ਼ਾ ਤਸਕਰਾਂ ਦੇ ਵਿਰੁੱਧ ਆਪ ਹੀ ਮੋਰਚਾ ਖੋਲ ਦਿੱਤਾ ਹੈ।
ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਧ ਭਾਈ ਦਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਨੌਜਵਾਨਾਂ ਨੇ ਆਪ ਰਲ ਕੇ ਪਿੰਡ ਵਿੱਚੋਂ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚਮਕੌਰ ਸਿੰਘ ਉਰਫ਼ ਕੌਰਾ ਅਤੇ ਉਸ ਦੀ ਪਤਨੀ ਬਲਜੀਤ ਕੌਰ ਜੋ ਕਿ ਪਿੰਡ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ। ਉਹਨਾਂ ਨੂੰ ਹਾਕਮ ਸਿੰਘ ਵਾਲੇ ਵਿੱਚੋਂ ਵੀ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਕਰਕੇ ਕੱਢ ਦਿੱਤਾ ਸੀ ਅਤੇ ਹੁਣ ਉਹ ਪਿੰਡ ਸਮਾਧ ਭਾਈ ਵਿਖੇ ਇਥੋਂ ਦੇ ਕੁੱਝ ਲੋਕਾਂ ਨਾਲ ਮਿਲ ਕੇ ਪਿੰਡ ਵਿੱਚ ਅਤੇ ਇਲਾਕੇ ਵਿੱਚ ਚਿੱਟਾ ਵੇਚਦੇ ਸਨ। ਜਿਸ ਦੇ ਸਬੰਧ ਵਿੱਚ ਪਿੰਡ ਦੀ ਪੰਚਾਇਤ ਨੇ ਇਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਚੇਤਾਵਨੀ ਦਿੱਤੀ ਸੀ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ।
ਇਹ ਵੀ ਪੜ੍ਹੋ : ਸਤਪਾਲ ਸਿੰਘ ਦੀ ASI ਵਜੋਂ ਹੋਈ ਤੱਰਕੀ, ਕੈਪਟਨ ਨੇ ਲਾਏ ਸਟਾਰ
ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਕਾਬੂ ਕਰਨ ਤੋਂ ਬਾਅਦ ਚਮਕੌਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਕਿਹਾ ਕਿ ਉਸ ਨੇ ਪਹਿਲਾਂ ਕਈ ਵਾਰੀ ਆਪਣੇ ਪਤੀ ਚਮਕੌਰ ਸਿੰਘ ਨੂੰ ਨਸ਼ਾ ਨਾ ਵੇਚਣ ਦੀ ਸਲਾਹ ਦਿੱਤੀ ਹੈ, ਪਰ ਉਹ ਨਹੀਂ ਹਟਿਆ ਉਸਨੇ ਦੱਸਿਆ ਕਿ ਉਸਦੇ ਨਾਲ ਪਿੰਡ ਦੇ ਹੋਰ ਵੀ ਕਈ ਵਿਅਕਤੀ ਰਲੇ ਹੋਏ ਸਨ। ਉਸਦਾ ਕਹਿਣਾ ਹੈ ਕਿ ਉਹ ਤਾਂ ਸਿਰਫ਼ ਉਹਨਾਂ ਲੋਕਾਂ ਨੂੰ ਹੀ ਜਾਣਦੀ ਹੈ ਜੋ ਅੱਜ ਫੜੇ ਗਏ ਹਨ ਬਾਕੀ ਉਸ ਨੂੰ ਕਿਸੇ ਬਾਰੇ ਕੁੱਝ ਵੀ ਪਤਾ ਨਹੀਂ ਹੈ।
ਇਸ ਮੌਕੇ ਕੱਲਬ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਪਹਿਲਾਂ ਵੀ ਪਿੰਡ ਪੱਧਰ 'ਤੇ ਪੰਚਾਇਤ ਰਾਹੀਂ ਕਈ ਵਾਰੀ ਇਹਨਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਸੀ ਅਤੇ ਇੱਕ ਵਾਰੀ ਪੁਲਿਸ ਦੇ ਹਵਾਲੇ ਵੀ ਕੀਤਾ ਸੀ ਪਰ ਚਮਕੌਰ ਸਿੰਘ ‘ਕੌਰਾ’ ਰਸੂਖਦਾਰ ਹੋਣ ਕਰਕੇ ਪੈਸੇ ਦੇ ਜ਼ੋਰ 'ਤੇ ਛੁੱਟ ਗਿਆ ਸੀ। ਅੱਜ ਜਦੋਂ ਪਿੰਡ ਦਾ ਹੀ ਇੱਕ ਵਿਅਕਤੀ ਇਹਨਾਂ ਤੋਂ ਨਸ਼ਾ ਖਰੀਦਣ ਜਾ ਰਿਹਾ ਸੀ ਤਾਂ ਅਸੀਂ ਉਸਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ। ਕਾਬੂ ਕੀਤੇ ਵਿਅਕਤੀ ਦੇ ਕਹਿਣ ਉੱਤੇ ਚਮਕੌਰ ਸਿੰਘ, ਉਸ ਦੀ ਪਤਨੀ ਅਤੇ ਉਸ ਦੇ ਜੁਆਈ ਅਤੇ ਕੱਦੂ ਕਿੰਗਰਾ ਨੂੰ ਕਾਬੂ ਕੀਤਾ ਹੈ, ਪਰ ਚਮਕੌਰ ਸਿੰਘ ਭੱਜਣ ਵਿੱਚ ਸਫ਼ਲ ਹੋ ਗਿਆ। ਇਸ ਮੌਕੇ ਚਮਕੌਰ ਸਿੰਘ ਦੇ ਘਰੋਂ ਨਸ਼ਾ ਕਰਨ ਲਈ ਵਰਤੀਆਂ ਜਾਂਦੀਆਂ 15-20 ਸਰਿੰਜਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਆਪਣਾਂ ਕੰਮ ਕਰ ਦਿੱਤਾ ਹੈ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਹੁਣ ਅੱਗੇ ਪੁਲਿਸ ਦੀ ਜਿੰਮੇਵਾਰੀ ਹੈ ਕਿ ਉਹ ਆਪਣਾ ਫਰਜ ਇਮਾਨਦਾਰੀ ਨਾਲ ਨਿਭਾਵੇ।
ਐੱਸਐੱਚਓ ਬਾਘਾ ਪੁਰਾਣਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਮਾਧ ਭਾਈ ਦੇ ਵਾਸੀਆਂ ਨੇ ਪਿੰਡ ਦੇ ਹੀ ਇੱਕ ਕਲੱਬ ਦੇ ਸਹਿਯੋਗ ਨਾਲ ਕੁੱਝ ਵਿਅਕਤੀਆਂ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਹੈ ਅਤੇ ਇਹ ਸਾਰਾ ਮਾਮਲਾ ਜਾਂਚ ਅਧੀਨ ਹੈ ਜਿਵੇਂ ਹੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।