ਮੋਗਾ: 12 ਜੂਨ ਨੂੰ 5 ਲੁਟੇਰਿਆਂ ਨੇ ਮੋਗਾ ਰਾਮ ਗੰਜ ਮੰਡੀ 'ਚ ਏਸ਼ੀਆ ਜਵੈਲਰਜ਼ ਨਾਂ ਦੀ ਗਹਿਣਿਆਂ ਦੀ ਦੁਕਾਨ ਨੂੰ ਦਿਨ-ਦਿਹਾੜੇ ਲੁੱਟ ਲਿਆ ਅਤੇ ਦੁਕਾਨ ਦੇ ਮਾਲਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ । ਉਸ ਦਾ ਅਤਿੰਮ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੁੱਖ ਦੀ ਘੜੀ 'ਚ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਆਗੂ ਅਤੇ ਸਮੂਹ ਸ਼ਹਿਰ ਵਾਸੀਆਂ ਨੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ । ਮੋਗਾ ਦੀ ਵਿਧਾਇਕ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਕਿਹਾ ਕਿ ਪਰਮਿੰਦਰ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਇਹ ਵੀ ਦੱਸਿਆ ਕਿ ਜੋ ਵੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਸਬੰਧੀ ਪੰਜਾਬ ਦੇ ਸੀ.ਐਮ ਸਾਹਿਬ ਨਾਲ ਗੱਲ ਹੋਈ ਹੈ, ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਥੇ ਹੀ ਸਾਬਕਾ ਵਿਧਾਇਕ ਕੁਲਬੀਰ ਜੀਰਾ ਨੇ ਵੀ ਸਰਕਾਰ 'ਤੇ ਤੰਜ ਕੱਸਦੇ ਕਿਹਾ ਕਿ ਅੱਜ ਦੋ ਘਰ ਬਰਬਾਦ ਹੋ ਗਏ। ਮੋਗਾ ਦੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ।
ਕਿਵੇਂ ਹੋਇਆ ਸੀ ਪਰਮਿੰਦਰ ਦਾ ਕਤਲ: ਕਾਬਲੇਜ਼ਿਕਰ ਹੈ ਕਿ ਪੰਜ ਲੁਟੇਰੇ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਦੁਕਾਨਦਾਰ ਨੂੰ ਗਹਿਣੇ ਦਿਖਾਉਣ ਲਈ ਕਿਹਾ ਅਤੇ ਗੱਲ ਕਰਨ ਲੱਗੇ। ਜਿਵੇਂ ਹੀ ਦੁਕਾਨਦਾਰ ਗਹਿਣੇ ਦਿਖਾਉਣ ਲੱਗਾ ਤਾਂ ਇੱਕ ਲੁਟੇਰੇ ਨੇ ਆਪਣਾ ਪਿਸਤੌਲ ਕੱਢ ਕੇ ਦੁਕਾਨਦਾਰ 'ਤੇ ਗੋਲੀ ਚਲਾ ਦਿੱਤੀ ਅਤੇ ਅੰਦਰ ਵੜ ਕੇ ਮੁੜ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਦੁਕਾਨਦਾਰ ਹੇਠਾਂ ਡਿੱਗਿਆ ਤਾਂ ਬਾਕੀ ਲੁਟੇਰੇ ਉਥੇ ਕੰਮ ਕਰਦੀ ਇਕ ਲੜਕੀ ਨੂੰ ਬੰਧਕ ਬਣਾ ਕੇ ਉਸ ਦੇ ਗਹਿਣੇ ਲੁੱਟ ਕੇ ਭੱਜ ਗਏ। ਗੋਲੀ ਲੱਗਣ ਕਾਰਨ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।