ਮੋਗਾ: ਜ਼ਿਲ੍ਹੇ ਦੇ ਪਿੰਡ ਮਸਤੇਵਾਲਾ 'ਚ ਬੀਤੇ 2 ਦਿਨ ਪਹਿਲਾ ਵਿਆਹ ਸਮਾਗਮ 'ਚ ਗੋਲੀ ਚਲਣ ਨਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੋਟੀ ਸ਼ੇਖਾਂ ਵਿੱਚ ਦਿੱਤਾ ਧਰਨਾ ਖ਼ਤਮ ਕਰ ਦਿੱਤਾ ਹੈ। ਪਰਿਵਾਰ ਨੇ ਪੁਲਿਸ ਨਾਲ ਸਮਝੋਤੇ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਹੈ।
ਇਸ ਮਾਮਲੇ 'ਚ ਐੱਸਪੀ ਰਤਨ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ 'ਚ 2 ਦੀ ਗ੍ਰਿਫਤਾਰੀ ਕਰ ਲਈ ਗਈ ਹੈ, ਜਦ ਕਿ 3 ਮੁਲਜ਼ਮ ਫ਼ਰਾਰ ਚੱਲ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਫੜ੍ਹ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਪਰਿਵਾਰ ਨੂੰ ਮੁਆਵਜੇ ਵਜੋਂ 8 ਲੱਖ ਰੁਪਏ ਦਿੱਤਾ ਜਾਵੇਗਾ।
ਇਸ ਤੋਂ ਪਹਿਲਾ ਧਰਨਾਕਾਰੀਆਂ ਨੇ ਮੰਗ ਕੀਤੀ ਸੀ ਕਿ ਪਰਿਵਾਰ ਨੂੰ ਮੁਆਵਜ਼ੇ ਵਜੋਂ 25 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹੀਂ ਦੇਰ ਤੱਕ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।
ਕੀ ਹੈ ਮਾਮਲਾ ?
ਬੀਤੇ ਸ਼ਨੀਵਾਰ ਦੀ ਰਾਤ ਨੂੰ ਇੱਕ ਵਿਆਹ ਸਮਾਗਮ 'ਚ ਡੀ.ਜੇ. ਬੰਦ ਕਰਨ ਤੋਂ ਬਾਅਦ ਡੀ.ਜੇ. ਮੁੜ ਸ਼ੁਰੂ ਕਰਨ ਨੂੰ ਲੈ ਕੇ ਵਿਆਹ 'ਚ ਆਏ ਇੱਕ ਨਸ਼ੇ 'ਚ ਧੂਤ ਰਿਸ਼ਤੇਦਾਰ ਵੱਲੋਂ ਚਲਾਈ ਗੋਲੀ ਨੌਜਵਾਨ ਨੂੰ ਜਾ ਲਗੀ। ਨੌਜਵਾਨ ਦੇ ਸੀਨੇ 'ਤੇ ਗੋਲੀ ਲੱਗਣ ਕਾਰਨ ਉਹ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਲੈ ਜਾਇਆ, ਜਿੱਥੇ ਡੇਢ ਘੰਟੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।