ਮੋਗਾ: ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਵਿਭਾਗ ਮੋਰਚਾ ਦੇ ਮੁਲਾਜ਼ਮਾਂ ਨੇ ਵਿਧਾਇਕ ਡਾ.ਹਰਜੋਤ ਕਮਲ ਵੱਲੋਂ ਸਰਕਾਰੀ ਕੰਮ 'ਚ ਦਖ਼ਲ ਦੇਣ ਤੇ ਡਾਕਟਰ ਨਾਲ ਬਦਸਲੂਕੀ ਕਰਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਕਰ ਰਹੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਕਿ ਇਥੋਂ ਦੇ ਵਿਧਾਇਕ ਡਾ.ਹਰਜੋਤ ਕਮਲ ਨੇ ਸਿਵਲ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨਾਲ ਬਦਸਲੂਕੀ ਕੀਤੀ ਹੈ। ਵਿਧਾਇਕ ਨੇ ਉਕਤ ਮਹਿਲਾ ਡਾਕਟਰ 'ਤੇ ਕੋਰੋਨਾ ਟੈਸਟਾਂ ਨੂੰ ਲੈ ਕੇ 3500 ਰੁਪਏ ਰਿਸ਼ਵਤ ਲੈਣ ਦੇ ਝੂਠੇ ਦੋਸ਼ ਲਾਏ ਹਨ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਉੱਤੇ ਸਰਕਾਰੀ ਕੰਮਕਾਜ 'ਚ ਦਖ਼ਲ ਦੇਣ ਦੇ ਇਲਜ਼ਾਮ ਲਾਏ। ਉਨ੍ਹਾਂ ਆਖਿਆ ਕਿ ਵਿਧਾਇਕ ਡਾਕਟਰ ਦਾ ਤਬਾਦਲਾ ਕਰਵਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ।
ਪ੍ਰਦਰਸ਼ਨਕਾਰੀ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ 'ਚ ਦਖ਼ਲ ਦੇ ਕੇ ਮਹਿਲਾ ਡਾਕਟਰ ਦੇ ਤਬਾਦਲੇ ਨੂੰ ਰੋਕਣ ਅਤੇ ਉਨ੍ਹਾਂ 'ਤੇ ਲੱਗੇ ਝੂਠੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸਿਹਤ ਮੁਲਾਜ਼ਮਾਂ ਨੇ ਵਿਧਾਇਕ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨਿਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ।