ਮੋਗਾ: ਸੂਬੇ ਭਰ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਲਈ ਜਾ ਰਹੀਆਂ ਫੀਸਾਂ ਕਾਰਨ ਮਾਪਿਆਂ ਵਿੱਚ ਵੱਡੀ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਮੋਗਾ ਵਿਖੇ ਇੱਕ ਨਿੱਜੀ ਸਕੂਲ ਅੱਗੇ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਧਰਨਾ ਦਿੱਤਾ ਗਿਆ। 50 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੇ ਡੀ.ਐਨ. ਸਕੂਲ ਦੇ ਬਾਹਰ ਪੁੱਜ ਕੇ ਭਰਵੀਂ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਦੌਰਾਨ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਟਿਊਸ਼ਨ ਫ਼ੀਸ ਭਰਨ ਨੂੰ ਤਿਆਰ ਹਨ, ਪਰ ਸਕੂਲ ਸਮੁੱਚੀ ਫ਼ੀਸ ਭਰਨ 'ਤੇ ਅੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਜੋ ਚੀਜ਼ਾਂ ਨਹੀਂ ਵਰਤ ਰਹੇ, ਉਸ ਦੀ ਫੀਸ ਕਿਵੇਂ ਦੇ ਦਈਏ।
ਉਨ੍ਹਾਂ ਕਿਹਾ ਕਿ ਇੱਕ ਤਾਂ ਕਰੋਨਾ ਵਰਗੀ ਭਿਅੰਕਰ ਬਿਮਾਰੀ ਕਾਰਨ ਸਾਰੇ ਕੰਮ ਕਾਰ ਠੱਪ ਪਏ ਹਨ ਅਤੇ ਸਕੂਲ ਵੱਲੋਂ ਨਾਜਾਇਜ਼ ਬਿਲਡਿੰਗ ਖਰਚਾ, ਕੰਪਿਊਟਰ ਖਰਚਾ ਅਤੇ ਵੈਨ ਖਰਚਾ ਵੀ ਭਰਨ ਲਈ ਕਿਹਾ ਜਾ ਰਿਹਾ ਹੈ, ਜਿਸ ਦਾ ਉਹ ਵਿਰੋਧ ਕਰਨ ਲਈ ਸਕੂਲ ਬਾਹਰ ਇਕੱਠੇ ਹੋਏ ਹਨ। ਉੱਥੇ ਹੀ ਮਾਮਲੇ ਬਾਰੇ ਸਕੂਲ ਪ੍ਰਿੰਸੀਪਲ ਨੇ ਕਿਹਾ ਹੈ ਕਿ ਉਹ ਸਿਰਫ਼ ਉਹੀ ਫੀਸ ਲੈ ਰਹੇ ਹਨ ਜੋ ਕਿ ਅਦਾਲਤ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਫ਼ਾਲਤੂ ਫ਼ੀਸ ਨਹੀਂ ਲੈ ਰਹੇ ਅਤੇ ਨਾ ਹੀ ਕੋਈ ਫੀਸ ਵਿੱਚ ਵਾਧਾ ਕੀਤਾ ਗਿਆ ਹੈ।