ਮੋਗਾ: ਪੰਜਾਬ ਵਿੱਚ ਲਗਾਤਾਰ ਹੱਤਿਆਵਾਂ, ਫਿਰੌਤੀਆਂ ਤੇ ਗੈਂਗਸਟਰਾਂ ਵਲੋਂ ਕੀਤੀਆਂ ਵਾਰਦਾਤਾਂ ਸੂਬੇ ਦੇ ਕਾਨੂੰਨ ਪ੍ਰਬੰਧ ਨੂੰ ਛਿੱਕੇ ਟੰਗ ਰਹੀਆਂ ਹਨ।ਸੂਬਾ ਸਰਕਾਰ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਬਹੁਤੀਆਂ ਵਾਰਦਾਤਾਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਆਪਣੇ ਪੰਜਾਬ ਵਿੱਚਲੇ ਸਾਥੀਆਂ ਦੀ ਮਦਦ ਨਾਲ ਕਰਦੇ ਹਨ। ਅਰਸ਼ ਡਾਲਾ ਨਾਂ ਦਾ ਵਿਦੇਸ਼ ਵਿੱਚ ਬੈਠਾ ਗੈਂਗਸਟਰ ਵੀ ਇਸੇ ਕੜੀ ਤਹਿਤ ਆਪਣੇ ਸਾਥੀਆਂ ਨੂੰ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਲਈ ਵਰਤਦਾ ਹੈ। ਇਹੋ ਜਿਹੇ ਇਕ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਮੋਗਾ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ।
ਵੱਡੇ ਗੈਂਗਸਟਰਾਂ ਦਾ ਸਾਥੀ ਹੈ ਮੁਲਜ਼ਮ: ਇਸ ਮਾਮਲੇ ਵਿੱਚ ਜਿਲ੍ਹਾ ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਸ਼ਹਿਰ ਦੇ ਵਿਸ਼ਕਰਮਾ ਚੌਂਕ ਵਿਖੇ ਕਿਸੇ ਮੁਖਬਰ ਦੀ ਇਤਲਾਹ ਉੱਤੇ ਗੈਂਗਸਟਰ ਜੈਕਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਰਸ਼ਦੀਪ ਡਾਲਾ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦੀ ਗੈਂਗ ਦੇ ਸਾਥੀ ਨੂੰ ਫੜਿਆ ਹੈ। ਇਹ ਉਹ ਗੈਂਗਸਟਰ ਨੇ ਜੋ ਰੋਜ ਵਾਰਦਾਤਾਂ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ ਬਾਰੇ ਸੂਚਨਾ ਸੀ ਕਿ ਉਹ ਚੂੰਗੀ ਨੰਬਰ 3 ਉੱਤੇ ਖੜ੍ਹਾ ਹੈ। ਇਸੇ ਸੂਚਨਾ ਉੱਤੇ ਪਲਿਸ ਨੇ ਕਾਰਵਾਈ ਕੀਤੀ ਹੈ।
ਮੁਲਜ਼ਮ ਕੋਲੋਂ ਮਿਲੇ ਹਥਿਆਰ: ਇਸ ਤੋਂ ਬਾਅਦ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਤਹਿਤ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਅਤੇ ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ 32 ਅਤੇ ਚਾਰ ਅਣਚੱਲੇ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਜਾਂਚ ਵਿੱਚ ਕਈ ਗੱਲਾਂ ਦਾ ਖੁਲਾਸਾ ਹੋਇਆ ਹੈ। ਪੰਜ ਲੱਖ ਦੀ ਫਿਰੌਤੀ ਲਈ ਕੁੱਝ ਪੈਸੇ ਵੀ ਇਸ ਵਲੋਂ ਟਰਾਂਸਫਰ ਕੀਤੇ ਹਨ। ਪੁਲਿਸ ਨੇ ਫਿਲਹਾਲ ਇਸਦੇ ਖਿਲਾਫ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਇਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉੱਤੇ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਕੋਲੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ।