ਮੋਗਾ:ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਗਰਾਂਟ ਵੰਡਣ ਦੇ ਮੁੱਦੇ ਨੂੰ ਲੈ ਕੇ ਮੁੜ ਵਿਵਾਦਾਂ 'ਚ ਘਿਰ ਗਈ ਹੈ। ਇਸ ਮੁੱਦੇ ਨੂੰ ਲੈ ਕੇ ਪਿੰਡ ਰੌਂਤਾ ਦੀ ਪੰਚਾਇਤ ਤੇ ਪਿੰਡ ਵਾਲਿਆਂ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਵਿਰੁੱਧ ਬਲਾਕ ਦਫ਼ਤਰ 'ਚ ਨਾਅਰੇਬਾਜ਼ੀ ਕੀਤੀ। ਉਸ ਸਮੇਂ ਉਹ ਪੰਚਾਇਤਾਂ ਨੂੰ ਚੈੱਕ ਵੰਡ ਰਹੇ ਸਨ।
ਮਾਮਲਾ ਉਸ ਸਮੇਂ ਭੜਕ ਗਿਆ ਜਦੋਂ ਬੀਬੀ ਭਾਗੀਕੇ ਨੇ ਲਗਭਗ 11 ਹਜ਼ਾਰ ਦੀ ਅਬਾਦੀ ਵਾਲੇ ਪਿੰਡ ਰੌਂਤਾ ਲਈ ਸਿਰਫ਼ ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਪਿੰਡ ਵਾਲਿਆਂ ਨੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਇੱਕ-ਇੱਕ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਦੀਦਾਰ ਸਿੰਘ ਵਾਲਾ ਲਈ 15 ਤੋਂ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਤੇ ਉਨ੍ਹਾਂ ਦੇ ਪਿੰਡ ਲਈ ਸਿਰਫ਼ 1 ਲੱਖ ਰੁਪਏ।
ਲੋਕਾਂ ਨੇ ਕਾਂਗਰਸੀ ਆਗੂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਗਰਾਂਟਾਂ ਵੰਡਣ 'ਚ ਕੀਤੇ ਜਾ ਰਹੇ ਪੱਖਪਾਤ ਦੀ ਜਾਂਚ ਕਰਵਾਈ ਜਾਵੇ। ਪਿੰਡ ਰੌਂਤਾ ਦੇ ਸਰਪੰਚ ਬਲਰਾਮ ਸਿੰਘ ਸਣੇ ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਵੱਲੋਂ ਕਥਿਤ ਤੌਰ 'ਤੇ ਕਮਿਸ਼ਨ ਲੈ ਕੇ ਛੋਟੇ ਪਿੰਡਾਂ ਨੂੰ ਲੱਖਾਂ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਜਦ ਕਿ ਕਮਿਸ਼ਨ ਨਾ ਦੇਣ ਵਾਲੀਆਂ ਪੰਚਾਇਤਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।