ਮੋਗਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਦੀ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ। ਸਿਹਤ ਵਿਭਾਗ ਹਸਪਤਾਲਾਂ ਵਿੱਚ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਜਦੋਂ ਮੋਗਾ ਦੇ ਸਿਵਲ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਤਾਂ ਅਸਲੀਅਤ ਕੂਝ ਹੋਰ ਹੀ ਸਾਹਮਣੇ ਆਈ ਹੈ।
ਹਸਪਤਾਲ ਵਿੱਚ ਮਰੀਜ਼ਾਂ ਦੀ ਬਹੁਤ ਬੂਰੀ ਹਾਲਤ ਹੋ ਰਹੀ ਹੈ, ਹਾਲਾਤ ਇੰਨੇ ਕੁ ਮਾੜੇ ਹਨ ਕਿ ਇੱਕ ਮਰੀਜ਼ ਦੇ ਪੈਰ ਵਿੱਚ ਕੀੜੇ ਪਏ ਹੋਏ ਹਨ ਤੇ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ। ਹਸਪਤਾਲਾਂ ਦੇ ਹਾਲਾਤਾਂ ਬਾਰੇ ਦੱਸਦਿਆਂ ਹੋਇਆਂ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਬਾਥਰੂਮ ਦੀ ਹਾਲਤ ਬਹੁਤ ਖ਼ਰਾਬ ਹੈ ਤੇ ਉਨ੍ਹਾਂ ਨੂੰ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਬਣੇ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ। ਇੰਨਾਂ ਹੀ ਨਹੀਂ ਰੋਟਰੀ ਕਲੱਬ ਅਤੇ ਲਾਇਨਜ਼ ਕਲੱਬ ਵੱਲੋਂ ਜਿਹੜੇ ਠੰਡੇ ਪਾਣੀ ਦੇ ਕੂਲਰ ਲਗਾਏ ਗਏ ਸਨ, ਉਨ੍ਹਾਂ ਵਿੱਚ ਪਾਣੀ ਨਹੀਂ ਹੈ ਅਤੇ ਕਈ ਥਾਵਾਂ ਦੀਆਂ ਟੂਟੀਆਂ ਉੱਤਰੀਆਂ ਹੋਈਆਂ ਹਨ।
ਸਰਜੀਕਲ ਵਾਰਡ ਵਿੱਚ ਮਰੀਜ਼ ਦੀ ਹਾਲਤ ਇੰਨੀ ਬੁਰੀ ਹੈ ਕਿ ਉਸ ਦੀ ਲੱਤ ਦੇ ਉੱਪਰ ਪੱਟੀ ਬੰਨੀ ਹੋਈ ਹੈ ਤੇ ਕੀੜੇ ਉਸ ਦੇ ਉੱਤੇ ਤੁਰੇ ਫਿਰਦੇ ਨਜ਼ਰ ਆ ਰਹੇ ਹਨ ਤੇ ਸਫ਼ਾਈ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੈ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀ ਵੀ ਸਹੂਲਤ ਨਹੀਂ ਮਿਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਐਸਐਮਓ ਰਾਜੇਸ਼ ਅਤਰੀ ਹਸਪਤਾਲ ਦੇ ਅਜਿਹੇ ਪ੍ਰਬੰਧਾਂ ਤੋਂ ਸਾਫ਼ ਮੁਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਮਰੀਜ਼ ਸਰਜੀਕਲ ਵਾਰਡ ਵਿੱਚ ਪਿਆ ਹੈ, ਉਹ ਲਾਵਾਰਿਸ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਬਾਥਰੂਮਾਂ ਵਿੱਚ ਪਾਣੀ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਦਿੱਕਤ ਨਹੀਂ ਹੈ, ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ।
ਰਾਜੇਸ਼ ਅਤਰੀ ਨੇ ਡੇਂਗੂ ਦੇ ਮਰੀਜ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਇਲਾਜ ਹੈ, ਹੁਣ ਤੱਕ 4 ਮਰੀਜ਼ ਆਏ ਸਨ ਜਿਨ੍ਹਾਂ ਵਿੱਚੋਂ 2 ਠੀਕ ਵੀ ਹੋ ਗਏ ਹਨ ਤੇ ਨਾਲ ਹੀ ਅਪੀਲ ਕੀਤੀ ਕਿ ਜੋ ਵੀ ਡੇਂਗੂ ਦਾ ਮਰੀਜ਼ ਹੈ, ਉਹ ਆ ਕੇ ਇਲਾਜ ਕਰਵਾ ਸਕਦਾ ਹੈ।