ਮੋਗਾ: ਥਾਣਾ ਬੱਧਨੀ ਕਲਾਂ ਦੇ ਅਧੀਨ ਪੈਂਦੀ ਪੁਲਿਸ ਚੌਕੀ ਲੋਪੋ 'ਚ ਤੈਨਾਤ ਏਐੱਸਆਈ ਸਤਨਾਮ ਸਿੰਘ ਵੱਲੋਂ ਆਪਣੇ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਖੁਦਕੁਸ਼ੀ ਤੋਂ ਪਹਿਲਾਂ ਏਐੱਸਆਈ ਸਤਨਾਮ ਸਿੰਘ ਵਲੋਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ, ਜਿਸ 'ਚ ਉਸ ਨੇ ਆਪਣੀ ਮੌਤ ਲਈ ਥਾਣਾ ਬੱਧਨੀ ਕਲਾਂ ਦੇ ਐੱਸਐੱਚਓ ਕਰਮਜੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਸਾਈਡ ਨੋਟ 'ਚ ਏਐੱਸਆਈ ਸਤਨਾਮ ਸਿੰਘ ਨੇ ਲਿਖਿਆ ਕਿ ਐੱਸਐੱਚਓ ਪਿਛਲੇ ਕਰੀਬ ਦੱਸ ਦਿਨ ਤੋਂ ਉਸ ਨੂੰ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਪ੍ਰੇਸ਼ਾਨ ਕਰ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਆਰੋਪੀ ਐੱਸਐੱਚਓ ਕਰਮਜੀਤ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਰੋਪੀ ਐੱਸਐੱਚਓ ਕਰਮਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕ ਏਐੱਸਆਈ ਸਤਨਾਮ ਸਿੰਘ ਦੇ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਮੋਗਾ ਦੇ ਬਾਹਰ ਗੇਟ ਬੰਦ ਕਰਕੇ ਧਰਨਾ ਵੀ ਲਗਾਇਆ। ਜੋ ਐੱਸਐੱਚਓ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਚੁੱਕਿਆ ਗਿਆ।
ਮ੍ਰਿਤਕ ਏਐੱਸਆਈ ਸਤਨਾਮ ਸਿੰਘ ਦੇ ਬੇਟੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਨੂੰ ਉਸ ਦੇ ਪਿਤਾ ਸਤਨਾਮ ਸਿੰਘ ਦਾ ਫੋਨ ਆਇਆ ਅਤੇ ਕਹਿਣ ਲੱਗੇ ਕਿ ਉਹ ਐੱਸਐੱਚਓ ਕਰਮਜੀਤ ਸਿੰਘ ਤੋਂ ਕਾਫੀ ਪ੍ਰੇਸ਼ਾਨ ਹਨ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਹ ਖੁਦਕੁਸ਼ੀ ਕਰਨ ਜਾ ਰਹੇ ਹਨ। ਮ੍ਰਿਤਕ ਦੇ ਬੇਟੇ ਦਾ ਕਹਿਣਾ ਕਿ ਉਸ ਦੇ ਪਿਤਾ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ ਬੀਤੇ ਕਰੀਬ ਦਸ ਦਿਨ ਤੋਂ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਕਿਸੇ ਕੇਸ ਵਿੱਚ ਐੱਸਐੱਚਓ ਉਸ ਦੇ ਪਿਤਾ ਨੂੰ ਮਾਨਸਿਕ ਪ੍ਰੇਸ਼ਾਨ ਕਰ ਰਿਹਾ ਹੈ। ਇਸ ਪੂਰੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:ਨਸ਼ੇ ਦੇ ਮਾਮਲੇ 'ਚ ਪੁੱਤ ਦੀ ਗ੍ਰਿਫ਼ਤਾਰੀ ਨੂੰ ਲੰਗਾਹ ਨੇ ਦੱਸਿਆ ਸਾਜਿਸ਼