ਮਾਨਸਾ: ਜ਼ਿਲ੍ਹੇ ਦੇ ਕਸਬਾ ਜੋਗਾ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਜੋਗਾ ਵਿਚ 36 ਸਾਲਾ ਨੌਜਵਾਨ ਦੀ ਲਾਸ਼ ਸ਼ਮਸ਼ਾਨ ਘਾਟ ਦੇ ਕੋਲ ਮਿਲੀ ਹੈ ਜਿਸ ਦੀ ਬਾਅਦ ਵਿਚ ਪਹਿਚਾਣ ਰਵੀ ਕੁਮਾਰ ਵਾਸੀ ਮਾਨਸਾ ਦੇ ਰੂਪ ਵਿੱਚ ਹੋਈ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਰਵੀ ਕੁਮਾਰ ਨਸ਼ੇ ਦਾ ਆਦਿ ਸੀ ਅਤੇ ਉਹ ਨਸ਼ਾ ਲੈਣ ਲਈ ਪਿੰਡ ਜੋਗ ਆਉਂਦਾ ਜਾਂਦਾ ਸੀ ਅਤੇ ਨਸ਼ੇ ਦੀ ਓਵਰਡੋਜ਼ ਨਾਲ ਹੀ ਉਸ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਬਠਿੰਡਾ ਮਾਨਸਾ ਰੋਡ ਉੱਤੇ ਰੱਖ ਕੇ ਪਰਿਵਾਰ ਨੇ ਸਥਾਨਕਵਾਸੀਆਂ ਸਮੇਤ ਪ੍ਰਦਰਸ਼ਨ ਕੀਤਾ ਅਤੇ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ ਅਤੇ ਦੋ ਲੜਕੀਆਂ ਅਤੇ ਵਿਧਵਾ ਪਤਨੀ ਨੂੰ ਛੱਡ ਗਿਆ ਹੈ।
ਲਾਸ਼ ਰੋਡ ਉੱਤੇ ਰੱਖ ਪ੍ਰਦਰਸ਼ਨ: ਚਿੱਟੇ ਦੀ ਓਵਰਡੋਜ਼ ਨਾਲ ਆਪਣੀ ਜਾਨ ਤੋਂ ਹੱਥ ਧੋ ਬੈਠੇ ਸ਼ਖ਼ਸ ਦੇ ਪਰਿਵਾਰ ਨੇ ਦੱਸਿਆ ਕਿ ਰਵੀ ਕੁਮਾਰ ਚਿੱਟਾ ਪੀਣ ਦਾ ਆਦੀ ਸੀ। ਉਹਨਾਂ ਨੇ ਪ੍ਰਸ਼ਾਸ਼ਨ ਨੂੰ ਕਈ ਵਾਰ-ਕਈ ਵਾਰ ਇਸ ਸਬੰਧੀ ਜਾਗਰੁਕ ਵੀ ਕੀਤਾ ਸੀ, ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਅੱਜ ਰਵੀ ਕੁਮਾਰ ਦੀ ਮੌਤ ਹੋ ਗਈ। ਪਰਿਵਾਰ ਨੇ ਪ੍ਰਵੀਨ ਕੁਮਾਰ ਦੀ ਲਾਸ਼ ਨੂੰ ਮਾਨਸਾ ਬਠਿੰਡਾ ਰੋਡ ਉੱਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਪਹਿਲਾਂ ਵੀ ਚਿੱਟੇ ਦੀ ਭੇਂਟ ਚੜ੍ਹਿਆ ਸੀ ਨੌਜਵਾਨ: ਦੂਸਰੇ ਪਾਸੇ ਮਾਨਸਾ ਸਬ-ਡਵੀਜਨ ਦੇ ਡੀਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਕਿਹਾ ਨਹੀਂ ਜਾ ਸਕਦਾ ਕਿ ਮੌਤ ਦੀ ਵਜਾ ਕੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਨ੍ਹਾਂ ਦੇ ਪਰਿਵਾਰ ਨੇ ਲਾਏ ਇਲਜ਼ਾਮ ਸਹੀ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਿਕ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਵਿਚ ਪਹਿਲਾਂ ਵੀ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸਾਬਕਾ ਸਿਹਤ ਮੰਤਰੀ ਡਾਕਟਰ ਸਿੰਗਲਾ ਨੂੰ ਵੀ ਜੋਗਾ ਪਿੰਡ ਦੇ ਨੌਜਵਾਨਾਂ ਨੇ ਇਕ ਪ੍ਰੋਗਰਾਮ ਦੀਆਂ ਨਸ਼ੇ ਦੀਆਂ ਪੁੜੀਆਂ ਲਿਆ ਕੇ ਦੇ ਦਿੱਤੀਆਂ ਸਨ ਅਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਮਗਰੋਂ ਚਿੱਟੇ ਨੂੰ ਠੱਲ ਨਾ ਪੈਣ ਕਾਰਨ ਅੱਜ ਇਕ ਹੋਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ।
ਇਹ ਵੀ ਪੜ੍ਹੋ: Punjab Police ਨੇ 8 ਮਹੀਨਿਆਂ 'ਚ 11 ਹਜ਼ਾਰ ਤੋਂ ਉਪਰ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 1460 ਅਸਲਾ ਲਾਇਸੈਂਸ ਕੀਤੇ ਰੱਦ