ਮਾਨਸਾ: ਯੂਥ ਕਾਂਗਰਸ ਮਾਨਸਾ ਦੇ ਵਰਕਰਾਂ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸ਼ਹਿਰ 'ਚ ਮਸ਼ਾਲ ਮਾਰਚ ਕੱਢਿਆ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਵਿਰੁੱਧ ਜਿਥੇ ਇੱਕ ਪਾਸੇ ਕਿਸਾਨ ਸੰਘਰਸ਼ ਕਰ ਰਹੇ ਹਨ, ਉਥੇ ਹੀ ਹੁਣ ਕਈ ਸਿਆਸੀ ਤੇ ਸਮਾਜ ਸੇਵੀ ਜੱਥੇਬੰਦੀਆਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ।
ਵੱਡੀ ਗਿਣਤੀ 'ਚ ਯੂਥ ਕਾਂਗਰਸ ਮਾਨਸਾ ਦੇ ਵਰਕਰਾਂ ਨੇ ਸ਼ਹਿਰ 'ਚ ਮਸ਼ਾਲਾਂ ਜਲਾ ਕੇ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਕਾਂਗਰਸੀ ਆਗੂਆਂ ਨੇ ਇਹ ਰੋਸ ਮਾਰਚ ਸ਼ਹਿਰ ਦੇ ਮੁੱਖ ਬਜ਼ਾਰ ਤੋਂ ਸ਼ੁਰੂ ਕਰਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਸਮਾਪਤ ਕੀਤਾ। ਉਨ੍ਹਾਂ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਸ਼ਾਲ ਮਾਰਚ ਭਾਜਪਾ ਆਗੂ ਦੇ ਘਰ ਤੱਕ ਇਸ ਲਈ ਕੱਢਿਆ ਜਾ ਰਿਹਾ ਹੈ ਤਾਂ ਜੋ ਉਹ ਸਾਡੀਆਂ ਮੰਗਾਂ ਕੇਂਦਰ ਤੱਕ ਪਹੁੰਚਾ ਸਕਣ।
ਯੂਥ ਕਾਂਗਰਸ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਨੀਤੀਆਂ ਲਿਆ ਕੇ ਅਜਿਹੇ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ। ਇਸ ਨਾਲ ਕਿਸਾਨੀ, ਸੂਬੇ ਦਾ ਮੰਡੀਕਰਣ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਪ੍ਰਾਈਵੇਟ ਤੇ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨ ਦੇਸ਼ 'ਚ ਸਭ ਤੋਂ ਵੱਧ ਉਤਪਾਦਨ ਕਰਨ ਲਈ ਮਸ਼ਹੂਰ ਹਨ। ਪੰਜਾਬ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਹੈ ਤੇ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਖ਼ਤਮ ਕਰਨ 'ਤੇ ਅੜੀ ਹੋਈ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਸਾਨ ਤੇ ਸੂਬੇ ਦਾ ਮੰਡੀਕਰਣ ਖ਼ਤਮ ਹੋ ਜਾਵੇਗਾ ਤਾਂ ਲੱਖਾਂ ਲੋਕਾਂ ਦੇ ਰੁਜ਼ਗਾਰ ਖ਼ੁਸ ਜਾਣਗੇ, ਉਹ ਗਰੀਬੀ ਰੇਖਾਂ ਤੋਂ ਹੇਠਾਂ ਆ ਜਾਣਗੇ।
ਚੁਸ਼ਪਿੰਦਰਬੀਰ ਸਿੰਘ ਨੇ ਆਖਿਆ ਕਿ ਕੇਂਦਰੀ ਸਰਕਾਰ ਐਮਐਸਪੀ ਨੂੰ ਖ਼ਤਮ ਕਰਕੇ ਕਿਸਾਨਾਂ ਉੱਤੇ ਨਵਾਂ ਬੋਝ ਪਾ ਰਹੀ ਹੈ। ਜਦੋਂ ਕਿ ਕਿਸਾਨ ਪਹਿਲਾਂ ਹੀ ਮਾੜੇ ਹਲਾਤਾਂ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਵਾਪਸ ਨਹੀਂ ਲਿਆ ਤਾਂ ਯੂਥ ਕਾਂਗਰਸ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ।