ਮਾਨਸਾ: ਸ਼ਹਿਰ ਦੇ ਪਿੰਡ ਬਣਾਂਵਾਲੀ ਵਿਖੇ ਸਥਿਤ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਦੇਰ ਰਾਤ ਨੂੰ ਥਰਮਲ ਪਲਾਂਟ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਜ਼ਦੂਰਾਂ ਵੱਲੋਂ ਥਰਮਲ ਪਲਾਂਟ ਦੇ ਗੇਟ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਪ੍ਰਤੱਖਦਰਸ਼ੀ ਮਜ਼ਦੂਰ ਹਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਮਜ਼ਦੂਰ ਦਾ ਨਾਂਅ ਜਗਤਾਰ ਸਿੰਘ ਹੈ। ਉਨ੍ਹਾਂ ਕਿਹਾ ਕਿ ਜਦੋਂ ਜਗਤਾਰ ਸਿੰਘ ਨਾਲ ਹਾਦਸਾ ਵਾਪਰਿਆ ਉਸ ਵੇਲੇ ਉਹ ਤੇ ਜਗਤਾਰ ਸਿੰਘ ਦੋਵੇਂ ਰਾਤ ਨੂੰ ਇੱਕ ਮਸ਼ੀਨ ਵਿੱਚ ਐਸ ਪਾਉਣ ਦਾ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਨੇ ਐਸ ਪਾ ਦਿੱਤੀ ਸੀ ਤੇ ਉਹ ਦੂਜੇ ਪਾਸੇ ਹੋਰ ਐਸ ਲੈਣ ਲਈ ਗਿਆ ਸੀ। ਇੰਨ੍ਹੇ ਨੂੰ ਜਦੋਂ ਉਹ ਵਾਪਸ ਜਗਤਾਰ ਸਿੰਘ ਕੋਲ ਆਏ ਤਾਂ ਜਗਤਾਰ ਸਿੰਘ ਉੱਥੇ ਪੂਰੀ ਤਰ੍ਹਾਂ ਖੂਨ ਨਾਲ ਲੱਥ-ਪੱਥ ਸੀ।
ਉਨ੍ਹਾਂ ਕਿਹਾ ਕਿ ਜਿੱਥੇ ਉਹ ਕੰਮ ਕਰ ਰਹੇ ਸੀ ਉਸ ਥਾਂ ਉੱਤੇ ਪਹਿਲਾਂ ਪਰਮਿਟ ਲੈਣਾ ਜ਼ਰੂਰੀ ਹੁੰਦਾ ਹੈ ਪਰ ਥਰਮਲ ਦੇ ਇੰਜਨੀਅਰਾਂ ਵੱਲੋਂ ਉਨ੍ਹਾਂ ਨੂੰ ਕੋਈ ਵੀ ਪਰਮਿਟ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਜਿਹੜੇ ਅਧਿਕਾਰੀ ਉਨ੍ਹਾਂ ਤੋਂ ਬਿਨਾਂ ਪਰਮਿਟ ਕੰਮ ਕਰਵਾ ਰਹੇ ਸੀ ਉਹ ਅਜੇ ਤੱਕ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਜੇਕਰ ਪਰਿਵਾਰ ਨੂੰ ਕੋਈ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜੇਕਰ ਉਹ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਉਹ ਇਸ ਮਾਮਲੇ ਉੱਤੇ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ:ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਰੂਪਨਗਰ ਵਾਸੀਆਂ ਨੂੰ ਵੰਡੇ ਸਮਾਰਟ ਰਾਸ਼ਨ ਕਾਰਡ