ਮਾਨਸਾ: ਕਸਬਾ ਬਰੇਟਾ 'ਚ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਕਾਨੂੰਗੋ ਪਰਮਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਦੇ ਡੀੱਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਰਖਨਾਥ ਦੇ ਕਿਸਾਨ ਗੁਰਲਾਲ ਸਿੰਘ ਨੇ ਉਨ੍ਹਾਂ ਕੋਲ ਸ਼ਿਕਾਇਤ ਦਿੱਤੀ ਸੀ ਕਿ ਕਾਨੂੰਗੋ ਪਰਮਜੀਤ ਸਿੰਘ ਜ਼ਮੀਨ ਦੀ ਨਿਸ਼ਾਨਦੇਹੀ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਨੇ 3500 ਰੁਪਏ ਪਹਿਲਾਂ ਦੇ ਦਿੱਤੇ ਸਨ ਤੇ ਜਦੋਂ ਇਹ ਬਾਕੀ ਦੀ ਰਕਮ ਪਰਮਜੀਤ ਨੂੰ ਦੇਣ ਪੁੱਜੇ ਤਾਂ ਉਨ੍ਹਾਂ ਸਰਕਾਰੀ ਗਵਾਹਾਂ ਦੇ ਸਾਹਮਣੇ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦੂਜੇ ਪਾਸੇ ਪੀੜਤ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਕਾਨੂੰਗੋ ਪਰਮਜੀਤ ਸਿੰਘ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਬਦਲੇ ਉਨ੍ਹਾਂ ਨੂੰ ਲਗਾਤਾਰ ਦੋ ਮਹੀਨੇ ਤੋਂ ਪਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਆਖਿਰ ਉਸ ਨੇ 12 ਹਜ਼ਾਰ ਰੁਪਏ ਦੀ ਮੰਗ ਕੀਤੀ। 3500 ਰੁਪਏ ਉਸਨੇ ਪਹਿਲਾਂ ਦੇ ਦਿੱਤੇ ਅਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਮਾਨਸਾ ਨੂੰ ਕੀਤੀ ਜਿਨ੍ਹਾਂ ਰਿਸ਼ਵਤ ਦੀ ਬਾਕੀ ਰਾਸ਼ੀ ਲੈਂਦੇ ਹੋਏ ਕਾਨੂੰਗੋ ਨੂੰ ਰੰਗੇ ਹੱਥੀਂ ਫੜ੍ਹ ਲਿਆ।