ਮੋਹਾਲੀ: ਸੀਬੀਆਈ ਅਦਾਲਤ ਵਿੱਚ ਬੁੱਧਵਾਰ ਨੂੰ ਬਰਗਾੜੀ ਮਾਮਲੇ 'ਤੇ ਹੋਈ ਸੁਣਵਾਈ 26 ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੀਬੀਆਈ ਅਦਾਲਤ ਵਿੱਚ ਲੰਬੇ ਸਮੇਂ ਤੋਂ ਬੇਅਦਬੀ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ 'ਤੇ ਬੁੱਧਵਾਰ ਨੂੰ ਸੀਬੀਆਈ ਨੇ ਸਟੇਟਸ ਰਿਪੋਰਟ ਦਾਖ਼ਲ ਕਰਨੀ ਸੀ ਤੇ ਸੁਪਰੀਮ ਕੋਰਟ ਵਿੱਚ ਐੱਸਐਲਪੀ ਫਾਈਲ ਕਰਨ ਲਈ ਵੀ ਅਦਾਲਤ ਵੱਲੋਂ ਸੀਬੀਆਈ ਨੂੰ ਆਦੇਸ਼ ਦਿੱਤੇ ਗਏ ਸਨ। ਇਸ ਦੇ ਚੱਲਦੇ ਬੁੱਧਵਾਰ ਨੂੰ ਸੀਬੀਆਈ ਨੇ ਅਦਾਲਤ ਨੂੰ ਬੰਦ ਲਿਫਾਫੇ ਵਿੱਚ ਸਟੇਟਸ ਰਿਪੋਰਟ ਸੌਂਪੀ ਅਤੇ ਕਿਹਾ ਕਿ ਜਿੰਨ੍ਹਾਂ ਸਮਾਂ ਜਾਂਚ ਚੱਲ ਰਹੀ ਹੈ, ਉਨ੍ਹਾਂ ਸਮਾਂ ਇਸ ਨੂੰ ਦੂਜੀਆਂ ਧਿਰਾਂ ਨੂੰ ਨਹੀਂ ਸੌਂਪਿਆ ਜਾ ਸਕਦਾ।
ਇਸ ਦੇ ਨਾਲ ਹੀ ਐੱਸਐੱਲਪੀ ਫਾਈਲ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਐਪਲੀਕੇਸ਼ਨ ਲਗਾਈ ਗਈ ਹੈ, ਤੇ ਉਸ ਦੀ ਸੁਣਵਾਈ ਨੂੰ ਸਮਾਂ ਲੱਗੇਗਾ ਅਤੇ ਇਹ ਸਮਾਂ ਮਾਰਚ ਤੱਕ ਵੀ ਹੋ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੀਬੀਆਈ ਵੱਲੋਂ ਹਾਈਕੋਰਟ ਦੇ ਫੈਸਲੇ ਵਿਰੁੱਧ ਐੱਸਐੱਲਪੀ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਸੀਬੀਆਈ ਤਾਂ ਜਾਂਚ ਹੀ ਨਹੀਂ ਕਰ ਸਕਦੀ ਤਾਂ ਇਸ ਨੇ ਸਟੇਟਸ ਰਿਪੋਰਟ ਕਿਉਂ ਸੌਂਪੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਸੌਂਪੀ ਹੈ ਤਾਂ ਇਸ ਨੂੰ ਸਾਨੂੰ ਵੀ ਦਿਖਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਸੁਣਵਾਈ ਇਸ ਮਾਮਲੇ ਦੀ ਅੱਗੇ ਕੀਤੀ ਜਾਵੇ। ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇੱਕ ਪਾਸੇ ਸੀਬੀਆਈ ਕੋਰਟ ਤੋਂ ਸਮਾਂ ਲੈਂਦੀ ਹੈ ਤੇ ਦੂਜੇ ਪਾਸੇ ਜਾਂਚ ਸ਼ੁਰੂ ਕਰ ਦਿੰਦੀ ਹੈ ਜਦੋਂ ਕਿ ਕੋਰਟ ਵੱਲੋਂ ਜਾਂਚ ਉੱਪਰ ਰੋਕ ਲਗਾਈ ਗਈ ਹੈ।