ਮਾਨਸਾ: ਲੌਕਡਾਉਨ ਹੋਣ ਦੇ ਬਾਵਜੂਦ ਚੋਰਾਂ ਨੇ ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ਉੱਤੇ ਸਥਿਤ ਮੋਬਾਇਲ ਟੈਲੀਕਾਮ ਉੱਤੇ ਹੱਲਾ ਬੋਲ ਦਿੱਤਾ। ਇਸ ਦੌਰਾਨ ਉਹ ਦੁਕਾਨ ਵਿੱਚ ਰੱਖੇ 15 ਲੱਖ ਦੀ ਕੀਮਤ ਵਾਲੇ ਮਹਿੰਗੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਸਵੇਰੇ 11:30 ਵਜੇ ਦੇ ਕਰੀਬ ਦੁਕਾਨਦਾਰ ਕਿਸੇ ਕੰਮ ਤੋਂ ਜਦੋਂ ਦੁਕਾਨ ਉੱਤੇ ਆਇਆ ਤਾਂ ਘਟਨਾ ਦਾ ਪਤਾ ਚੱਲਿਆ। ਉਥੇ ਹੀ ਸੀਸੀਟੀਵੀ ਵਿੱਚ ਦੋ ਚੋਰ ਮੋਬਾਇਲ ਫ਼ੋਨ ਚੋਰੀ ਕਰਦੇ ਦਿਖਾਈ ਦੇ ਰਹੇ ਹਨ, ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਸਬੰਧੀ ਦੁਕਾਨਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਲਾਕਡਾਉਨ ਕਾਰਨ ਦੁਕਾਨ ਬੰਦ ਸੀ, ਪਰ ਅੱਜ ਜਦੋਂ ਅਸੀ ਕਿਸੇ ਕਾਰਨ ਦੁਕਾਨ ਤੇ ਆਏ ਤਾਂ ਵੇਖਿਆ ਕਿ ਬਾਹਰ ਤਾਲਾ ਲੱਗਾ ਹੋਇਆ ਸੀ ਅਤੇ ਅੰਦਰ ਦੇ ਦਰਵਾਜੇ ਦਾ ਤਾਲਾ ਤੋੜਿਆ ਹੋਇਆ ਸੀ। ਇਸ ਦੌਰਾਨ ਦੁਕਾਨ ਵਿੱਚ ਪਏ ਕਰੀਬ 15 ਲੱਖ ਰੁਪਏ ਕੀਮਤ ਦੇ ਮੋਬਇਲ ਚੋਰੀ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਜ਼ਿਆਦਾ ਮਹਿੰਗੇ ਮੋਬਾਇਲ ਫੋਨ ਸਨ।
ਗੌਰਤਲੱਬ ਹੈ ਕਿ ਸੀਸੀਟੀਵੀ ਵਿੱਚ ਦੋ ਚੋਰ ਚੋਰੀ ਕਰਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਚਿਹਰੇ ਢਕੇ ਹੋਏ ਹਨ।
ਚੋਰੀ ਦੀ ਇਸ ਵਾਰਦਾਤ ਬਾਰੇ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੁਕਾਨ ਮਾਲਕ ਵੱਲੋਂ ਚੋਰੀ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਮੌਕਾ ਦੇਖਣ ਆਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।