ਮਾਨਸਾ : ਮੰਡੀਆਂ ਵਿੱਚੋਂ ਫਸਲ ਦੀ ਸਿੱਧੀ ਸਪੈਸ਼ਲ ਭਰਾਈ ਦੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਦੀ ਸੂਬਾ ਕਮੇਟੀ ਵੱਲੋਂ ਮਾਨਸਾ ਵਿੱਚ ਮੀਟਿੰਗ ਕਰ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤਹਿਤ ਸੋਮਵਾਰ ਤੋਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ।
ਕੇਂਦਰ ਦੀ ਪਾਲਿਸੀ ਨਾਲ ਪੱਲੇਦਾਰਾਂ ਦੇ ਚੁੱਲ੍ਹੇ ਪੈ ਜਾਣਗੇ ਠੰਢੇ : ਕੇਂਦਰ ਸਰਕਾਰ ਵੱਲੋਂ ਫੂਡ ਪਾਲਿਸੀ ਦੇ ਵਿਚ ਲਿਆਂਦੀ ਗਈ ਤਬਦੀਲੀ ਦੇ ਤਹਿਤ ਹੁਣ ਮੁੰਡਿਆ ਦੇ ਵਿਚੋਂ ਫਸਲ ਦੀ ਸਿੱਧੀ ਭਰਾਈ ਦੇ ਨੋਟੀਫਿਕੇਸ਼ਨ ਤੋਂ ਬਾਅਦ ਪੱਲੇਦਾਰਾਂ ਦੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚੋਂ ਸਿੱਧੀ ਸਪੈਸ਼ਲ ਭਰਾਈ ਦੇ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਦੇ ਚੁੱਲ੍ਹੇ ਠੰਡੇ ਹੋ ਜਾਣਗੇ। ਮਾਨਸਾ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ, ਸੂਬਾ ਸੈਕਟਰੀ ਸੁਰਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੜ ਪਾਲਸੀ ਦੇ ਵਿੱਚ ਲਿਆਂਦੀ ਤਬਦੀਲੀ ਦੇ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਠੇਕੇਦਾਰ ਇਸ ਸਿਸਟਮ ਬੰਦ ਕਰਨ ਦੀ ਅਪੀਲ ਕਰ ਰਹੇ ਹਨ ਪਰ ਸਰਕਾਰਾਂ ਨੇ ਠੇਕੇ ਬੰਦ ਕਰਨ ਦੀ ਬਜਾਏ ਨੂੰ ਹੀ ਖਤਮ ਕਰਨ ਦੀ ਨੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Dr. BR Amebdkar Birth Anniversary: ਸੀਐਮ ਮਾਨ ਨੇ ਅੰਬੇਡਕਰ ਜੈਅੰਤੀ ਮੌਕੇ ਦਿੱਤੀ ਵਧਾਈ, ਜਾਣੋ ਬਾਬਾ ਸਾਹਿਬ ਦੇ ਜੀਵਨ ਦੀਆਂ ਕੁਝ ਖ਼ਾਸ ਗੱਲਾਂ
ਕੇਂਦਰ ਸਰਕਾਰ ਨੇ ਨੀਤੀ ਨਾ ਬਦਲੀ ਤਾਂ ਕਰਾਂਗੇ ਰੋਸ ਪ੍ਰਦਰਸ਼ਨ : ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ ਵਿੱਚ ਆੜ੍ਹਤੀਆਂ ਦੀ ਲੋਡਿੰਗ ਦਾ ਕੰਮ ਵੀ ਪੱਲੇਦਾਰਾਂ ਕੋਲ ਹੁੰਦਾ ਸੀ ਪਰ ਹੁਣ ਇਹ ਕੰਮ ਵੀ ਸਿੱਧਾ ਆੜ੍ਹਤੀਆਂ ਨੂੰ ਦੇ ਦਿੱਤਾ ਹੈ। ਹੁਣ ਸਰਕਾਰ ਨੇ ਨਵੀਂ ਪਾਲਿਸੀ ਦੇ ਤਹਿਤ ਮੰਡੀਆਂ ਵਿੱਚੋਂ ਸਿੱਧੀ ਸਪੈਸ਼ਲ ਭਰਾਈ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ, ਜਿਸ ਨਾਲ ਪੱਲੇਦਾਰਾਂ ਦੇ ਪਰਿਵਾਰ ਭੁੱਖੇ ਮਰ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤੁਰੰਤ ਇਸ ਪਾਲਿਸੀ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਸੋਮਵਾਰ 17 ਅਪ੍ਰੈਲ ਨੂੰ ਪੱਲੇਦਾਰਾਂ ਵੱਲੋਂ ਪੰਜਾਬ ਭਰ ਦੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।