ਮਾਨਸਾ: ਪਿੰਡ ਦਾਤੇਵਾਸ ਪਿੰਡ ਸ਼ਹੀਦ ਹੌਲਦਾਰ ਜੋਗਿੰਦਰ ਸਿੰਘ ਜੋ ਕਿ ਸੰਨ 1956 ਵਿੱਚ ਨਾਗਾ ਅੱਤਵਾਦੀਆਂ ਨਾਲ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਵਿੱਚ ਬਣੇ ਬੁੱਤ ਤੋਂ ਪਰਦਾ ਚੁੱਕਣ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2006 ਵਿੱਚ ਇੱਕ ਮੈਂਬਰ ਨੂੰ ਨੌਕਰੀ, 5 ਲੱਖ ਦੀ ਵਿੱਤੀ ਸਹਾਇਤਾ ਅਤੇ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। 14 ਵਰ੍ਹੇ ਬੀਤ ਜਾਣ ਤੋਂ ਬਾਅਦ ਅਤੇ ਮੁੜ ਕੈਪਟਨ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਵੀ ਸ਼ਹੀਦ ਦੇ ਪਰਿਵਾਰ ਨਾਲ ਕੀਤਾ ਇੱਕ ਵੀ ਵਾਅਦਾ ਵਫਾ ਨਹੀਂ ਹੋਇਆ। ਇਸ ਕਾਰਨ ਸ਼ਹੀਦ ਦਾ ਪਰਿਵਾਰ ਤੇ ਪਿੰਡ ਸ਼ਹੀਦ ਦੇ ਬੁੱਤ ਲਾਗੇ ਹੀ ਭੁੱਖ ਹੜਤਾਲ 'ਤੇ ਬੈਠ ਗਿਆ ਹੈ।
ਭੁੱਖ ਹੜਤਾਲ 'ਤੇ ਬੈਠੇ ਸ਼ਹੀਦ ਹੌਲਦਾਰ ਜੋਗਿੰਦਰ ਸਿੰਘ ਦੇ ਪੋਤੇ ਦਰਸ਼ਨ ਸਿੰਘ, ਪਿੰਡ ਦੇ ਸਰਪੰਚ ਰਣਜੀਤ ਸਿੰਘ ਅਤੇ ਪਿੰਡ ਨਿਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ 2006 ਵਿਚ ਤਤਕਾਲੀ ਮੁੱਖ ਮੰਤਰੀ ਨੇ ਨੌਕਰੀ ਅਤੇ ਵਿੱਤੀ ਸਹਾਇਤਾ ਨਾਲ ਪਰਿਵਾਰ ਤੋਂ ਅਸ਼ੋਕ ਚੱਕਰ ਲਿਆ ਕੇ ਭਰੋਸਾ ਦਿੱਤਾ ਸੀ, ਪਿੰਡ ਦੇ ਵਿਕਾਸ ਲਈ ਫੰਡ ਦਿੱਤੇ ਜਾਣਗੇ ਪਰ 14 ਸਾਲਾਂ ਬਾਅਦ ਪਰਿਵਾਰ ਅਤੇ ਪਿੰਡ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਗਿਆ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਐਲਾਨ ਪੂਰਾ ਨਹੀਂ ਕਰਦੀ, ਭੁੱਖ ਹੜਤਾਲ ਜਾਰੀ ਰਹੇਗੀ।
ਤੁਹਾਨੂੰ ਦੱਸ ਦੇਈਏ ਕਿ ਜੋਗਿੰਦਰ ਸਿੰਘ 15 ਅਗਸਤ 1923 ਨੂੰ ਮਾਨਸਾ ਦੇ ਪਿੰਡ ਦਾਤੇਵਾਸ ਵਿਖੇ ਪੈਦਾ ਹੋਏ ਸਨ। ੳਨ੍ਹਾਂ ਦੀ ਬਟਾਲੀਅਨ ਨਾਗਾ ਪਹਾੜੀ ਵਿੱਚ ਸ਼ਾਂਤੀ ਅਤੇ ਵਿਵਸਥਾ ਬਹਾਲ ਕਰਨ ਦੇ ਸੰਘਰਸ਼ ਦੌਰਾਨ ਉਨ੍ਹਾਂ ਉੱਤੇ 1956 ਵਿਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਨੇ ਉਨ੍ਹਾਂ ਨੂੰ ਸ਼ਹੀਦ ਹੋਣ ਉਪਰੰਤ ਅਸ਼ੋਕ ਚੱਕਰ ਦੇ ਕੇ ਸਨਮਾਨਿਤ ਕੀਤਾ।