ਮਾਨਸਾ: ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ 'ਲੰਗਰ ਦਵਾਈਆਂ ਦਾ ਵੀ ਲਾਈਏ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਚਾਰੇ ਪਾਸੇ ਸ਼ਲਾਘਾ ਹੋਣ ਲੱਗ ਪਈ ਹੈ। ਕੁੱਝ ਸਮਾਜਸੇਵੀਆਂ ਸੰਸਥਾਵਾਂ ਵੀ ਅੱਗੇ ਆਈਆਂ ਹਨ ਤੇ ਮੰਗ ਕਰ ਰਹੀਆਂ ਹਨ ਕਿ ਇਸ ਵਾਰ ਕੈਂਸਰ ਦੇ ਰੋਗੀਆਂ ਲਈ ਦਵਾਈਆਂ ਦਾ ਵੀ ਲੰਗਰ ਲਾਇਆ ਜਾਵੇ ਕਿਉਂਕਿ ਕਈ ਅਜਿਹੇ ਮਰੀਜ਼ ਹਨ ਜੋ ਮਹਿੰਗੀਆਂ ਦਵਾਈਆਂ ਨਹੀਂ ਖਰੀਦ ਸਕਦੇ।
ਸਮਾਜਸੇਵੀ ਬਲਵੀਰ ਧਾਲੀਵਾਲ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਹਰ ਪਿੰਡ ਚ ਕੈਂਸਰ ਰੋਗੀਆਂ ਨੂੰ ਇੱਕ-ਇੱਕ ਮਹੀਨੇ ਦੀ ਮੁਫ਼ਤ ਦਵਾਈ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਮਦਦ ਕਰਨਾ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਗੁਰੂ ਸਾਹਿਬ ਨੇ ਵੀ ਮਾਨਵਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਹੈ।