ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਏ ਭਾਵੇਂ ਕਾਫੀ ਸਮਾਂ ਹੋ ਚੁੱਕਾ ਹੈ ਪਰ ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਆਏ ਦਿਨ ਕਿਸੇ ਨਾ ਕਿਸੇ ਕਾਰਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਮੂਸੇਵਾਲਾ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਉਨ੍ਹਾਂ ਦਾ ਮਨਸਪੰਦ ਟਰੈਕਟਰ 5911 ਬਣਿਆ ਹੈ। ਮਰਹੂਮ ਗਾਇਕ ਦੇ ਪਿਤਾ ਨੇ ਗੁਰਦਾਸਪੁਰ ਤੋਂ ਆਏ ਸਿੱਧੂ ਮੂਸੇਵਾਲਾ ਦੇ ਫੈਨ ਦੀ ਫਰਮਾਇਸ਼ ਉੱਤੇ 5911 ਟ੍ਰੈਕਟਰ ਚਲਾਇਆ ਅਤੇ ਡਰਾਈਵਿੰਗ ਦੀਆਂ ਬਰੀਕੀਆਂ ਵੀ ਦੱਸੀਆਂ।
ਮੂਸੇਵਾਲਾ ਦੇ ਪਿਤਾ ਨੇ ਚਲਾਇਆ ਟਰੈਕਟਰ: ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ 5911 ਟ੍ਰੈਕਟਰ ਨੂੰ ਬਹੁਤ ਪਸੰਦ ਕਰਦਾ ਸੀ ਅਤੇ 5911 ਉਸ ਦਾ ਬ੍ਰਾਂਡ ਹੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਮੂਸੇਵਾਲਾ ਦੇ ਟਰੈਕਟਰ ਵਾਂਗ ਆਪਣੇ 5911 ਟ੍ਰੈਕਟਰ ਨੂੰ ਮੋਡੀਫਾਈ ਕਰਵਾ ਕੇ ਚਲਾਉਣਾ ਚਾਹੁੰਦਾ ਨੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਦਾ ਧਿਆਨ ਟਰੈਕਟਰ ਵੱਲ ਜਾਵੇਗਾ ਤਾਂ ਲਾਜ਼ਮੀ ਹੈ ਕਿ ਇਹ ਉਨ੍ਹਾਂ ਦਾ ਧਿਆਨ ਖੇਤੀ ਵੱਲ ਵੀ ਜਾਵੇਗਾ ਅਤੇ ਇਹ ਬਹੁਤ ਵਧੀਆ ਗੱਲ ਹੋਵੇਗੀ ਜੇ ਨੌਜਵਾਨ ਖੇਤੀ ਨਾਲ ਜੁੜਨ।
ਨਵਾਂ ਟਰੈਕਟਰ ਲੈ ਪਹੁੰਚਿਆ ਨੌਜਵਾਨ: ਇਸ ਤੋਂ ਇਲਾਵਾ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਿਤ ਨੌਜਵਾਨ ਮੂਸੇਵਾਲਾ ਦੀ ਹਵੇਲੀ ਵਿੱਚ ਨਵਾਂ ਖਰੀਦਿਆ ਟਰੈਕਟਰ 5911 ਲੈਕੇ ਪਹੁੰਚਿਆ। ਨੌਜਵਾਨ ਦਾ ਕਹਿਣਾ ਸੀ ਕਿ ਉਹ ਟਰੈਕਚਟਰ ਖਰੀਦ ਕੇ ਸਿੱਧਾ ਮੂਸੇਵਾਲਾ ਦੇ ਘਰ ਹੀ ਆਏ ਨੇ। ਉਸ ਨੇ ਦੱਸਿਆ ਕਿ ਮੂਸੇਵਾਲਾ ਦੇ ਪਿਤਾ ਨੇ ਉਸ ਨੂੰ ਟਰੈਕਟਰ ਦੀਆਂ ਬਰੀਕੀਆਂ ਦੱਸੀਆਂ ਅਤੇ ਉਸ ਨੇ ਮੂਸੇਵਾਲਾ ਤੋਂ ਪ੍ਰਭਾਵਿਤ ਹੋਕੇ ਹੀ ਇਹ ਟਰੈਕਟਰ ਖਰੀਦਿਆ ਹੈ। ਦੱਸ ਦਈਏ ਕਿ 5911 ਟਰੈਕਟਰ ਨਾਲ ਖੇਤੀ ਦਾ ਵਾਹੀ ਕਰਦੇ ਬਹੁਤ ਸਾਰੀਆਂ ਵੀਡੀਓ ਸਿੱਧੂ ਮੂਸੇਵਾਲਾ ਦੀਆਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਵਿੱਚ 5911 ਟਰੈਕਟਰ ਦੀ ਚਰਚਾ ਕਰਦੇ ਸਨ। ਮੂਸੇਵਾਲਾ ਦੀ ਆਖਰੀ ਯਾਤਰਾ ਵੀ ਉਨ੍ਹਾਂ ਦੇ ਮਨਪਸੰਦ ਟਰੈਕਟਰ 5911 ਉੱਤੇ ਹੀ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ: Attackers shot: ਗੋਲੀ ਦੀ ਆਵਾਜ਼ ਨਾਲ ਮੁੜ ਕੰਬੀ ਗੁਰੂ ਨਗਰੀ, ਆਟਾ ਚੱਕੀ ਮਾਲਕ ਨੂੰ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ
29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਸਨ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਸਨ ਅਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।