ਮਾਨਸਾ: ਸ਼ੈਲਰ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਅਤੇ ਖਪਤਕਾਰ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸ਼ੈੱਲਰ ਮਾਲਕ ਮੁਕੇਸ਼ ਕੁਮਾਰ ਨੇ ਕਿਹਾ ਕਿ ਅੱਜ ਸ਼ੈਲਰ ਮਾਲਕਾਂ ਨੂੰ ਮਜਬੂਰੀ ਵੱਸ ਡੀਐੱਫਐੱਸ ਸੀ ਦਫ਼ਤਰ ਦਾ ਘਿਰਾਓ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਂਟਰ ਵਿਭਾਗ ਐਫਸੀਆਈ ਵੱਲੋਂ ਰਾਈਸ ਦੇਣ ਦਾ ਸਮਝੌਤਾ ਹੋਇਆ ਸੀ ਪਰ ਬਾਅਦ ਵਿਚ ਫੋਰਟੀਫਾਈਡ ਰਾਈਸ ਡਿਲੀਵਰ ਕਰਨ ਲਈ ਕਿਹਾ ਗਿਆ ਹੈ। ਜਦੋਂ ਕਿ ਅੱਜ ਸ਼ੈੱਲਰ ਮਾਲਕਾਂ ਕੋਲ ਨਾ ਤੇ ਮਸ਼ੀਨਰੀ ਹੈ ਅਤੇ ਨਾ ਹੀ ਮੌਸਮ ਅਨੁਕੂਲ ਹੈ।
ਉਨ੍ਹਾਂ ਦੱਸਿਆ ਕਿ ਦੂਸਰਾ ਪੰਜਾਬ ਸਰਕਾਰ ਕੋਲ ਬਾਰਦਾਨੇ ਦੀ ਵੱਡੀ ਕਮੀ ਹੈ ਜਿਸਦੇ ਕਾਰਨ ਸ਼ੈਲਰ ਮਾਲਕ ਅੱਜ ਬਰਬਾਦੀ ਦੇ ਕੰਢੇ ਤੇ ਹਨ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਤੁਰੰਤ ਯੋਗ ਕਦਮ ਉਠਾਉਣੇ ਚਾਹੀਦੇ ਹਨ।
ਜ਼ਿਲ੍ਹਾ ਫੂਡ ਸਪਲਾਈ ਅਫਸਰ ਮਧੂ ਨੇ ਕਿਹਾ ਕਿ ਬਾਰਦਾਨੇ ਦੇ ਲਈ ਟੈਂਡਰ ਹੋ ਚੁੱਕੇ ਹਨ ਅਤੇ ਜਲਦ ਹੀ ਬਾਰਦਾਨਾ ਮੁਹੱਈਆ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਫੋਰਟੀਫਾਈਡ ਰਾਈਸ ਦੀ ਗੱਲ ਹੈ ਇਸ ਨੂੰ ਲੈ ਕੇ ਫੂਡ ਸਪਲਾਈ ਮੰਤਰੀ ਦੀ ਗੱਲਬਾਤ ਹੋ ਰਹੀ ਹੈ ਜਦੋਂ ਹੀ ਕੋਈ ਫ਼ੈਸਲਾ ਆਵੇਗਾ ਤਾਂ ਸ਼ੈਲਰ ਮਾਲਕਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।