ਮਾਨਸਾ: ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਪੰਜਾਬ ਭਰ ਵਿੱਚ ਕੀਤੀ ਜਾ ਰਹੀ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਮਾਨਸਾ ਟ੍ਰੈਫਿਕ ਪੁਲਿਸ ਵੱਲੋਂ ਵੀ ਸਕੂਲ ਵੈਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਸਖ਼ਤ ਹੋ ਗਈ ਤੇ ਪੁਲਿਸ ਦੀ ਚੈਕਿੰਗਾਂ ਤੋਂ ਸਕੂਲ ਵੈਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ, ਜਿਸ ਦੇ ਰੋਸ ਵਜੋਂ ਸਕੂਲ ਵੈਨ ਚਾਲਕਾਂ ਵੱਲੋਂ ਇੱਕ ਰੋਜਾ ਹੜਤਾਲ ਕੀਤੀ ਗਈ ਤੇ ਐਸਡੀਐਮ ਦਫ਼ਤਰ ਬਾਹਰ ਟ੍ਰੈਫਿਕ ਪੁਲਿਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਚਾਲਕਾਂ ਨੇ ਐਸਡੀਐਮ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਵੈਨ ਚਾਲਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਉਨ੍ਹਾਂ ਨੂੰ ਸਕੂਲ ਟਾਈਮ 'ਤੇ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਚਲਾਨ ਕੱਟੇ ਜਾ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਜੇ ਪੁਲਿਸ ਨੂੰ ਵੈਨਾਂ ਦੀ ਚੈਕਿੰਗ ਕਰਨੀ ਹੈ ਤਾਂ ਸਕੂਲ ਦੇ ਛੁੱਟੀ ਦੇ ਸਮੇਂ ਤਾਂ ਨਾ ਆ ਕੇ ਫ੍ਰੀ ਟਾਇਮ 'ਤੇ ਆ ਕੇ ਕੀਤੀ ਜਾਵੇ ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਇਹ ਵੀ ਪੜ੍ਹੋ: ਬਰਗਾੜੀ ਮਾਮਲੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਕੈਪਟਨ ਨੇ ਕੀਤੀ ਹਿਮਾਇਤ
ਐਸਡੀਐਮ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਵੀ ਸਕੂਲ ਵੈਨ ਚਾਲਕ ਯੂਨੀਅਨ ਨਾਲ ਮੁਲਾਕਾਤ ਕੀਤੀ ਗਈ ਸੀ, ਪਰ ਫਿਰ ਵੀ ਯੂਨੀਅਨ ਵੱਲੋਂ ਆਪਣੀ ਸਮੱਸਿਆ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਉਨ੍ਹਾਂ ਵੱਲੋਂ ਟ੍ਰੈਫਿਕ ਇੰਚਾਰਜ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ਟਾਈਮ ਕਿਸੇ ਵੀ ਵੈਨ ਦੀ ਚੈਕਿੰਗ ਨਾ ਕੀਤੀ ਜਾਵੇ ਤੇ ਜੇਕਰ ਚੈਕਿੰਗ ਕਰਨੀ ਹੈ ਤਾਂ ਸਕੂਲ ਦੇ ਵਿੱਚ ਜਾ ਕੇ ਵੈਨਾਂ ਦੀ ਚੈਕਿੰਗ ਕੀਤੀ ਜਾਵੇ।