ਮਾਨਸਾ: ਭਾਰਤੀ ਫ਼ੌਜ ਦੇ ਵਿੱਚ ਬਾਰਡਰਾਂ 'ਤੇ ਰਖਵਾਲੀ ਕਰਦੇ ਹੋਏ ਸ਼ਹੀਦ ਸੈਨਿਕਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਸਾਬਕਾ ਫ਼ੌਜੀਆਂ ਵੱਲੋਂ ਪੰਜਾਬ ਸਰਕਾਰ ਦੀ ਪ੍ਰਸੰਸਾ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ ਹੋਰ ਵੀ ਸਹੂਲਤਾਂ ਦੇਵੇ ਤਾਂ ਕਿ ਸ਼ਹੀਦ ਸੈਨਿਕ ਦਾ ਪਰਿਵਾਰ ਕਦੇ ਵੀ ਮਾਯੂਸ ਨਾ ਹੋਵੇ।
ਮਾਨਸਾ ਵਿਖੇ ਸਾਬਕਾ ਸੈਨਿਕ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਦਰਸ਼ਨ ਸਿੰਘ, ਰਣਜੀਤ ਸਿੰਘ ਤੇ ਸਤਨਾਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਵੀ ਗਈ ਹੈ।
ਉਨ੍ਹਾਂ ਇੱਥੇ ਨਾਲ ਹੀ ਕਿਹਾ ਹੈ ਕਿ ਪੰਜਾਬ ਸਰਕਾਰ ਤੁਰੰਤ ਇਨ੍ਹਾਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਵੇ ਤੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਕੇਂਦਰ 'ਚ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਹਰ ਸੂਬੇ ਦੇ ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ।
ਉਥੇ ਹੀ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਹ ਯੋਜਨਾ ਫੌਜੀਆਂ ਦੇ ਹਿੱਤ ਵਿੱਚ ਨਹੀਂ ਹੈ, ਕਿਉਂਕਿ ਚਾਰ ਸਾਲ ਦੇ ਵਿੱਚ ਤਾਂ ਫ਼ੌਜ ਦੀ ਟਰੇਨਿੰਗ ਵੀ ਪੂਰੀ ਨਹੀਂ ਹੁੰਦੀ ਅਤੇ ਨਵੇ-ਨਵੇਂ ਆਧੁਨਿਕ ਹਥਿਆਰ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਅਗਨੀਪਥ ਸਕੀਮ ਨੂੰ ਵਾਪਿਸ ਲਵੇ।
ਇਹ ਵੀ ਪੜ੍ਹੋ: ਸ਼ਹੀਦ ਚਮਕੌਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ