ਮਾਨਸਾ: ਸ਼ਹਿਰ ਵਾਸੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਤਿੰਨ ਸਾਲ ਦਾ ਸਮਾਂ ਬੀਤ ਚੁੱਕਿਆ ਅਤੇ ਪੰਜਾਬ ਸਰਕਾਰ ਨੇ ਆਪਣੇ ਕਈ ਅਜਿਹੇ ਵਾਅਦੇ ਨੇ ਜਿਹੜੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਚੰਗਾ ਕੰਮ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਦਾ ਸੁਧਾਰ ਕਰੇ, ਜੇਕਰ ਸਰਕਾਰ ਇਸ ਵੱਲ ਵੀ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ 'ਚ ਲੋਕ ਇਸ ਸਰਕਾਰ ਨੂੰ ਛੇਤੀ ਹੀ ਚੱਲਦਾ ਕਰ ਦੇਣਗੇ।
ਵਿਦਿਆਰਥੀ ਵਰਗ ਦਾ ਕਹਿਣਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਅੱਜ ਵੀ ਨੌਜਵਾਨ ਸੜਕਾਂ 'ਤੇ ਬੇਰੁਜ਼ਗਾਰ ਘੁੰਮ ਰਹੇ ਨੇ, ਸਰਕਾਰ ਤੋਂ ਕੋਈ ਉਮੀਦ ਤਾਂ ਨਹੀਂ ਪਰ ਫਿਰ ਵੀ ਸ਼ਾਇਦ ਇਸ ਬਜਟ ਵਿੱਚ ਨੌਜਵਾਨਾਂ ਦੇ ਲਈ ਕੋਈ ਚੰਗਾ ਐਲਾਨ ਕਰੇ ਅਤੇ ਸਿੱਖਿਆ ਦੇ ਲਈ ਵਿਸ਼ੇਸ਼ ਬਜਟ ਰੱਖੇ।
ਕਿਸਾਨ ਵਰਗ ਨੂੰ ਵੀ ਕੈਪਟਨ ਸਰਕਾਰ ਦੇ ਬਜਟ ਤੋਂ ਕੁਝ ਖ਼ਾਸ ਉਮੀਦ ਨਹੀਂ ਜਾਪਦੀ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਕੋਈ ਵੀ ਸਰਕਾਰ ਨਹੀਂ ਸੋਚਦੀ। ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਹੁਤ ਉਮੀਦਾਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਕਿਸਾਨਾਂ ਨੂੰ ਨਾ ਤਾਂ ਫਸਲਾਂ ਦੇ ਭਾਅ ਦਿੱਤੇ ਜਾਂਦੇ ਹਨ ਅਤੇ ਨਾ ਹੀ ਕਿਸਾਨਾਂ ਨੂੰ ਹੋਰ ਸਬਸਿਡੀਆਂ ਦੇ ਵਿੱਚ ਕੋਈ ਰਿਆਤ ਦਿੱਤੀ ਜਾ ਰਹੀ ਹੈ। ਕਿਸਾਨਾਂ ਦਾ ਕਰਜ਼ ਵੀ ਅੱਜ ਤੱਕ ਉਸੇ ਤਰ੍ਹਾਂ ਕਿਸਾਨਾਂ ਦੇ ਸਿਰ ਹੈ। ਕੈਪਟਨ ਅਮਰਿੰਦਰ ਸਿੰਘ ਨੇ 4 ਹਫਤਿਆਂ 'ਚ ਨਸ਼ਾ ਬੰਦ ਕਰਨ ਦਾ ਦਾਅਵਾ ਕੀਤਾ ਸੀ ਪਰ ਉਹ ਵੀ ਪੂਰਾ ਨਹੀਂ ਹੋਇਆ।
ਵਪਾਰੀ ਵਰਗ ਨੂੰ ਹਰ ਸਰਕਾਰ ਤੋਂ ਉਮੀਦ ਹੁੰਦੀ ਹੈ ਕਿ ਸਰਕਾਰ ਵਪਾਰੀਆਂ ਦੇ ਲਈ ਕੋਈ ਵਿਸ਼ੇਸ਼ ਰਾਇਤ ਲੈ ਕੇ ਆਵੇਗੀ। ਕੈਪਟਨ ਸਰਕਾਰ ਨੇ ਵੀ ਵਪਾਰੀਆਂ ਨੂੰ ਬਿਜਲੀ ਦੇ ਰੇਟਾਂ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਨਹੀਂ ਹੋਇਆ।
ਇਹ ਵੀ ਪੜ੍ਹੋ: ਪੰਜਾਬ ਬਜਟ 2020: ਸਵੈਰੁਜ਼ਗਾਰ ਲਈ ਕੀ ਉਮੀਦਾਂ?
ਗ੍ਰਹਿਣੀਆਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਤਾਂ ਜ਼ਿਆਦਾਤਰ ਰਸੋਈ ਦੇ ਬਜਟ ਬਾਰੇ ਹੀ ਪਤਾ ਹੁੰਦਾ ਹੈ। ਜੇਕਰ ਸਰਕਾਰ ਪਿਆਜ, ਦੁੱਧ ਅਤੇ ਰਸੋਈ ਗੈਸ ਦੀ ਕੀਮਤ ਵਿੱਚ ਕਟੌਤੀ ਕਰੇ ਤਾਂ ਹੀ ਰਸੋਈ ਦੇ ਬਜਟ ਨੂੰ ਬਚਾਇਆ ਜਾ ਸਕਦਾ ਹੈ।