ਮਾਨਸਾ : ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਚ ਮੌਜੂਦਾ ਪੰਚਾਇਤ ਮੈਂਬਰ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ (Death by drug overdose) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਰਿਵਾਰ ਵੱਲੋਂ ਨੌਜਵਾਨ ਦੀ ਲਾਸ਼ ਨੂੰ ਨਸ਼ਾ ਵੇਚਣ ਵਾਲੇ ਨੌਜਵਾਨ ਦੇ ਘਰ ਰੱਖ ਨਸ਼ੇ ਦੀ ਓਵਰਡੋਜ ਦੇ ਕੇ ਮਾਰਨ ਦੇ ਦੋਸ਼ ਲਗਾਏ ਜਾ ਹਨ। ਉੱਧਰ ਮੌਕੇ 'ਤੇ ਪਹੁੰਚੀ ਮਾਨਸਾ ਪੁਲਿਸ ਵੱਲੋ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਪੰਜਾਬ ਅੰਦਰ ਨਸ਼ੇ ਦਾ ਦਰਿਆ ਰੁਕਣ ਦਾ ਨਾ ਨਹੀ ਲੈ ਰਿਹਾ ਰੋਜਾਨਾ ਹੀ ਨਸ਼ੇ ਦੀ ਓਵਰਡੋਜ ਨਾਲ ਪੰਜਾਬ ਅੰਦਰ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਦਾ ਜਿੱਥੇ ਨੌਜਵਾਨ ਪੰਚਾਇਤ ਮੈਬਰ ਜਗਦੀਪ ਸਿੰਘ ਮੰਗਾ (28) ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾ ਦੇ ਪਿੰਡ ਅੰਦਰ ਦੋ ਨੌਜਵਾਨਾਂ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਿਨਾਂ ਨਾਲ ਪੁਲਿਸ ਦੀ ਮਿਲੀ ਭੁਗਤ ਦੇ ਇਲਜਾਮ ਵੀ ਲਗਾਏ ਹਨ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਨਸ਼ਾ ਵੇਚਣ ਵਾਲੇ ਪਰਿਵਾਰ 'ਤੇ ਦੋ ਦਰਜ਼ਨ ਦੇ ਕਰੀਬ ਮਾਮਲੇ ਦਰਜ ਹਨ। ਪੁਲਿਸ ਨਸ਼ੇ ਤੇ ਨਕੇਲ ਕੱਸਣ ਲਈ ਕੋਈ ਕਾਰਵਾਈ ਨਹੀ ਕਰ ਰਹੀ। ਪਿੰਡ ਵਾਸੀਆਂ ਨੇ ਦੋਸ਼ ਲਾਏ ਹਨ ਕਿ ਉਹਨਾਂ ਦੇ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮ੍ਰਿਤਕ ਨੌਜਵਾਨ ਪੰਚਾਇਤ ਮੈਂਬਰ ਨੂੰ ਵੀ ਇਹਨਾਂ ਨੇ ਹੀ ਆਪਣੇ ਘਰ ਵਿੱਚ ਨਸ਼ਾ ਦੇ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ ਨਸ਼ਾ ਖ਼ਤਮ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਨਸਾ ਦੇ ਡੀ.ਐਸ.ਪੀ. ਸੰਜੀਵ ਗੋਇਲ ਨੇ ਕਿਹਾ ਕਿ ਪਿੰਡ ਦੇ ਪੰਚਾਇਤ ਮੈਂਬਰ ਦੀ ਨਸ਼ੇ ਕਾਰਨ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਪਰਿਵਾਰ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਵਿਅਕਤੀ ਦੋਸ਼ੀ ਹੈ, ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- AAP ਵਿਧਾਇਕ ਪਠਾਨਮਾਜਰਾ ਖ਼ਿਲਾਫ਼ ਪਤਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਸ਼ਿਕਾਇਤ !