ਮਾਨਸਾ: ਬਿਜਲੀ ਨਾ ਆਉਣ ਕਰਕੇ ਅਤੇ ਬਾਰਿਸ਼ ਨਾ ਹੋਣ ਦੇ ਚੱਲਦਿਆਂ ਕਿਸਾਨਾਂ ਵਲੋਂ ਲਾਈ ਗਈ ਝੋਨੇ ਦੀ ਫਸਲ ਬਿਨ੍ਹਾਂ ਪਾਣੀ ਤੋਂ ਹੁਣ ਸੁੱਕਣ ਲੱਗੀ ਹੈ ਅਤੇ ਜ਼ਮੀਨ ਦੇ ਵਿਚ ਤਰੇੜਾਂ ਆ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਰੇਸ਼ਾਨ ਤੇ ਮਜਬੂਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਪਾਣੀ ਦੇਣ ਦੇ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਿਆ ਜਾ ਰਿਹਾ ਹੈ। ਕਿਸਾਨ ਨਿੱਤ ਦਿਨ ਬਿਜਲੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਬਿਜਲੀ ਖੇਤੀ ਸੈਕਟਰ ਨੂੰ ਪੂਰੀ ਨਾ ਦਿੱਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਵਾਹੁਣੀ ਪਵੇਗੀ।
ਕਿਸਾਨ ਝੋਨੇ ਦੀ ਫਸਲ ਵਾਹੁਣ ਲਈ ਹੋਣਗੇ ਮਜਬੂਰ
ਕਿਸਾਨ ਇਕਬਾਲ ਸਿੰਘ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਪਰ ਖੇਤੀ ਮੋਟਰਾਂ ਦੀ ਬਿਜਲੀ ਪੂਰੀ ਨਾ ਆਉਣ ਕਾਰਨ ਝੋਨੇ ਦੀ ਫਸਲ ਸੁੱਕਣ ਲੱਗੀ ਹੈ ਅਤੇ ਜ਼ਮੀਨ ਵਿੱਚ ਤਰੇੜਾਂ ਪੈ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉੱਪਰੋਂ ਡੀਜ਼ਲ ਵੀ ਇੰਨ੍ਹਾਂ ਮਹਿੰਗਾ ਹੋ ਚੁੱਕਿਆ ਹੈ ਕਿ ਮਜਬੂਰੀ ਵੱਸ ਕਿਸਾਨਾਂ ਨੂੰ ਟਰੈਕਟਰ ਲਾ ਕੇ ਡੀਜ਼ਲ ਫੂਕਣਾ ਪੈ ਰਿਹਾ ਹੈ।
ਮਹਿੰਗੇ ਭਾਅ ਦੀ ਡੀਜ਼ਲ ਫੂਕਣ ਲਈ ਮਜਬੂਰ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਦੋ ਘੰਟੇ ਵੀ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਝੋਨੇ ਦੀ ਫ਼ਸਲ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸੋਲਾਂ ਘੰਟੇ ਬਿਜਲੀ ਦੇਵੇ ਤਾਂ ਕਿ ਉਨ੍ਹਾਂ ਦੇ ਝੋਨੇ ਦੀ ਫਸਲ ਵਧੀਆ ਹੋ ਸਕੇ।
16 ਘੰਟੇ ਬਿਜਲੀ ਦੇਣ ਦੀ ਮੰਗ
ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ਼ ਇਹ ਸੰਘਰਸ਼ ਜਾਰੀ ਰਹੇਗਾ ਕਿਉਂਕਿ ਉਨ੍ਹਾਂ ਨੂੰ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ:ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਭੜਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ