ਮਾਨਸਾ: ਜ਼ਿਲ੍ਹੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੇ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਹੇਠ ਮਾਨਸਾ ਸ਼ਹਿਰ ਦਾ ਦੌਰਾ ਕੀਤਾ ਅਤੇ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ, ਗੰਦੇ ਪਾਣੀ ਵਾਲੇ ਟੋਭੇ ਅਤੇ ਐਮਆਰਐਫ਼ ਸੈਂਟਰਾਂ ਦਾ ਨਿਰੀਖਣ ਕੀਤਾ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਐਨਜੀਟੀ ਮਾਨਿਟਰਿੰਗ ਕਮੇਟੀ ਦੇ ਮੈਂਬਰ ਐਸ ਸੀ ਅਗਰਵਾਲ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਚੱਲ ਰਹੀ ਗੁੱਟਬਾਜ਼ੀ ਕਰਕੇ ਕੰਮ ਰੁਕਿਆ ਹੋਇਆ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ ਮਾਨਿਟਰਿੰਗ ਕਮੇਟੀ ਦੇ ਮੈਂਬਰ ਐਸਸੀ ਅਗਰਵਾਲ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਅਸੀਂ ਮਾਨਸਾ ਦਾ ਦੌਰਾ ਕੀਤਾ ਸੀ ਤਾਂ ਇੱਥੇ ਸੋਲਿਡ ਵੇਸਟ ਦਾ ਹਾਲ ਨਾ ਤਸੱਲੀ ਯੋਗ ਸੀ ਅਤੇ ਉਸ ਸਮੇਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਅਫਸੋਸ ਹੈ ਕਿ ਸ਼ਹਿਰ ਦੇ ਵਿਚਕਾਰ ਬਣੇ ਕੂੜੇ ਦੇ ਡੰਪ ਦੇ ਹਾਲਾਤ ਬਿਲਕੁਲ ਨਹੀਂ ਸੁਧਰੇ।
ਉਹਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੀਆਂ ਕੁਝ ਸਮੱਸਿਆਵਾਂ ਦਾ ਸਰੀਆ ਅਤੇ ਨਗਰ ਕੌਂਸਲ ਵਿੱਚ ਚੱਲ ਰਹੀ ਗੁੱਟਬਾਜ਼ੀ ਕਰਕੇ ਵੀ ਕੰਮ ਰੁਕੇ ਹੋਏ ਹਨ ਅਤੇ ਉਮੀਦ ਹੈ ਕਿ ਜਲਦ ਇਹ ਸਭ ਕੁਝ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਣੇ ਐਮਆਰਐਫ ਸੈਂਟਰਾਂ ਵਿੱਚ ਜ਼ਰੂਰ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਨਹੀਂ ਹੁੰਦੀ, ਇਹ ਹੱਲ ਨਹੀਂ ਹੋ ਸਕਦਾ।
ਦੂਜੇ ਪਾਸੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਕੂੜੇ ਦੇ ਡੰਪ ਬਣੇ ਹੋਏ ਹਨ ਅਤੇ ਪਾਣੀ ਦੀ ਬਦਬੂ ਆ ਰਹੀ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਹਵਾ-ਪਾਣੀ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ ਪਰ ਹੋਇਆ ਬਿਲਕੁਲ ਇਸਦੇ ਉਲਟ ਹੈ ਕਿ ਹਵਾ ਪਾਣੀ ਅਤੇ ਧਰਤੀ ਤਿੰਨੇ ਦੂਸ਼ਿਤ ਹੋ ਚੁੱਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਬਹੁਤ ਪਹਿਲਾਂ ਯੋਜਨਾਵਾਂ ਬਣ ਜਾਣੀਆਂ ਚਾਹੀਦੀਆਂ ਸਨ ਅਤੇ ਲੋਕਾਂ ਲਈ ਪਰੇਸ਼ਾਨੀ ਬਣ ਰਹੇ ਗੰਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ, ਪਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਹਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕੂੜੇ ਨੂੰ ਵੱਖ ਕੀਤਾ ਜਾਵੇ ਤਾਂ ਇਹ ਢੇਰ ਨਹੀਂ ਲੱਗਣਗੇ।