ਮਾਨਸਾ:ਪੰਜਾਬ ਦੇ ਸਭ ਤੋਂ ਘੱਟ ਵਣ ਖੇਤਰ ਵਾਲੇ ਮਾਨਸਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਇਲਟ ਪ੍ਰੋਜੈਕਟ(Pilot Project) ਲਗਾਇਆ ਗਿਆ ਸੀ। ਇਹ ਪ੍ਰੋਜੈਕਟੇ ਜੁਲਾਈ 2019 ਵਿੱਚ ਪਿੰਡ ਖੋਖਰ ਕਲਾਂ ਦੀ ਗਊਸ਼ਾਲਾ ਵਿੱਚ ਸ਼ੁਰੂ ਕੀਤਾ ਗਿਆ ਸੀ।ਇਹ ਪ੍ਰੋਜੈਕਟ ਤਹਿਤ ਸਿਰਫ਼ 200 ਵਰਗ ਮੀਟਰ ਜਗ੍ਹਾ ਉੱਤੇ 29 ਪ੍ਰਜਾਤੀਆਂ ਦੇ 550 ਪੌਦਿਆਂ ਵਾਲਾ ਮਿੰਨੀ ਜੰਗਲ ਲਗਵਾਇਆ ਸੀ। ਈਕੋ ਸਿੱਖ ਸੰਸਥਾ ਅਤੇ ਮਨਰੇਗਾ ਦੇ ਸਹਿਯੋਗ ਨਾਲ ਜਾਪਾਨ ਦੀ ਮੀਆਂ-ਵਾਕੀ ਤਕਨੀਕ ਨਾਲ ਲਗਾਏ ਬੂਟਿਆਂ ਵਿੱਚੋਂ 535 ਬੂਟੇ ਪੂਰੀ ਤਰ੍ਹਾਂ ਹਰਿਆਲੀ ਫੈਲਾ ਰਹੇ ਹਨ, ਜਿਸ ਤੋਂ ਉਤਸ਼ਾਹਿਤ ਹੋ ਕੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹੋਰ 100 ਪਿੰਡਾਂ ਵਿੱਚ ਇਸੇ ਤਕਨੀਕ ਨਾਲ ਮਿੰਨੀ ਜੰਗਲ ਲਗਾਉਣ ਦੀ ਤਜਵੀਜ ਸ਼ੁਰੂ ਕਰ ਦਿੱਤੀ ਹੈ।
ਇਸ ਮਿੰਨੀ ਜੰਗਲ ਦੀ ਦੇਖਭਾਲ ਕਰ ਰਹੇ ਖੋਖਰ ਕਲਾਂ ਗਊਸ਼ਾਲਾ ਦੇ ਮੈਨੇਜਰ ਜੀਵਨ ਕੁਮਾਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ(550th Prakash Purab) ਮੌਕੇ 550 ਬੂਟੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ 200 ਵਰਗ ਮੀਟਰ ਜਗ੍ਹਾ ਵਿੱਚੋਂ 170 ਵਰਗ ਮੀਟਰ ਜਗ੍ਹਾ ਵਿੱਚ ਇਹ ਬੂਟੇ ਲਗਾਏ ਗਏ ਹਨ ਤੇ ਬਾਕੀ ਜਗ੍ਹਾ ਖਾਲੀ ਛੱਡੀ ਗਈ ਹੈ। ਉਨ੍ਹਾਂ ਕਿਹਾ ਕਿ 535 ਬੂਟੇ ਪੂਰੀ ਕਾਮਯਾਬੀ ਦੇ ਨਾਲ ਗ੍ਰੋਥ ਕਰ ਰਹੇ ਹਨ ਅਤੇ ਇਸਨੂੰ ਵੇਖਕੇ ਮਨ ਨੂੰ ਸਕੂਨ ਮਿਲਦਾ ਹੈ।
ਮਨਰੇਗਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਬੂਟਿਆਂ ਦੀ ਗ੍ਰੋਥ ਵਧੀਆ ਹੋਈ ਹੈ ਅਤੇ ਕੁੱਝ ਬੂਟੇ ਤਾਂ 15-15 ਫੁੱਟ ਉੱਚੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਇਸ ਪ੍ਰੋਜੇਕਟ ਨੂੰ "ਗਰੀਨ ਲੰਗਜ" ਦਾ ਨਾਮ ਦਿੱਤਾ ਹੈ ਅਤੇ ਇਸਨੂੰ ਵਧਾਵਾ ਦੇਣ ਲਈ ਅਸੀਂ ਪਿੰਡਾਂ ਵਿੱਚ ਇਹ ਜੰਗਲ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਹੁਣ ਤੱਕ 4 ਹੋਰ ਪਿੰਡਾਂ ਵਿੱਚ ਇਸ ਤਕਨੀਕ ਦੇ ਜ਼ਰੀਏ ਕਰੀਬ 18 ਹਜ਼ਾਰ 900 ਬੂਟੇ ਲਗਾਏ ਜਾ ਚੁੱਕੇ ਹਨ।