ਮਾਨਸਾ: ਕਿਸਾਨਾਂ ਨੇ ਹੁਣ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਬਦਲਵੀਂ ਖੇਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਹੀ ਖੇਤੀ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਨੌਜਵਾਨ ਕਿਸਾਨ ਬਲਬੀਰ ਸਿੰਘ ਨੇ ਸ਼ੁਰੂ ਕੀਤੀ ਹੈ ਜਿਸ ਨੇ ਆਪਣੇ ਖੇਤ ਵਿੱਚ ਸਟ੍ਰਾਬੇਰੀ ਫਰੂਟ ਲਗਾਇਆ ਹੈ। ਇਸ ਉੱਦਮੀ ਕਿਸਾਨ ਨੇ ਰਵਾਇਤੀ ਖੇਤੀ ਤੋਂ ਹਟ ਕੇ ਬਦਲਵੀਂ ਖੇਤੀ ਤਾਂ ਸ਼ੁਰੂ ਕੀਤੀ ਪਰ ਮੰਡੀਕਰਨ ਨਾ ਹੋਣ ਕਰਕੇ ਉਹ ਕਿਸਾਨ ਦਾ ਮਾਲ ਨਹੀਂ ਵਿਕ ਰਿਹਾ।
ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਕਣਕ-ਝੋਨੇ ਦੇ ਨਾਲ-ਨਾਲ ਉਸ ਨੇ ਵੱਖਰੀ ਖੇਤੀ ਸ਼ੁਰੂ ਕੀਤੀ ਅਤੇ ਉਹ ਆਪਣੇ ਇਸ ਕੰਮ ਵਿੱਚ ਸਫ਼ਲ ਵੀ ਰਿਹਾ ਤੇ ਸਟ੍ਰਾਬਰੀ ਦੀ ਚੰਗੀ ਪੈਦਾਵਾਰ ਹੋਈ। ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ ਇਸ ਗੱਲ ਦਾ ਮਲਾਲ ਹੈ ਕਿ ਉਸ ਦੇ ਉੱਦਮ ਕਰਨ ਦੇ ਬਾਵਜੂਦ ਉਸ ਦੀ ਫਸਲ ਦਾ ਮੰਡੀਕਰਨ ਨਹੀਂ ਹੋ ਰਿਹਾ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਸਬਸਿਡੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮੋਗੇ ਦੀ ਧੀ ਸਿਮਰਨਜੀਤ ਦੇ ਓਲੰਪਿਕ ਕੁਆਲੀਫਾਈ ਕਰਨ 'ਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ
ਉੱਦਮੀ ਕਿਸਾਨ ਨੇ ਰੋਸ ਜ਼ਾਹਿਰ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਬਦਲਵੀਂ ਖੇਤੀ ਕਰਨ ਵਾਲਿਆਂ ਦਾ ਇਹ ਹਾਲ ਹੀ ਕਰਨਾ ਹੈ ਤਾਂ ਇਸ ਤੋਂ ਚੰਗਾ ਕਣਕ ਤੇ ਝੋਨੇ ਦੀ ਫ਼ਸਲ ਹੀ ਚੰਗੀ ਹੈ ਜੋਂ 6 ਮਹੀਨਿਆਂ ਬਾਅਦ ਮੰਡੀ ਵਿੱਚ ਵਿਕ ਤਾਂ ਜਾਂਦੀ ਹੈ।
ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਰਕਾਰ ਬਦਲਵੀਂ ਖੇਤੀ ਦੀ ਅਪੀਲ ਤਾਂ ਕਰਦੀ ਰਹਿੰਦੀ ਹੈ ਪਰ ਇਸ ਲਈ ਕੋਈ ਪੁਖ਼ਤਾ ਇੰਤਜ਼ਾਮ ਜਾਂ ਸਬਸਿਡੀ ਨਹੀਂ ਦਿੰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਉੱਦਮੀ ਕਿਸਾਨਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਜੋ ਹੋਰ ਕਿਸਾਨਾਂ ਨੂੰ ਵੀ ਸੇਧ ਮਿਲੇ ਅਤੇ ਪੰਜਾਬ ਦੇ ਪਾਣੀ ਨੂੰ ਵੀ ਬਚਾਇਆ ਜਾ ਸਕੇ।