ਮਾਨਸਾ: ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਫੂਡ ਅਤੇ ਸਪਲਾਈ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਈ ਕਾਰਡ ਬਣਵਾਉਣ ਤੋਂ ਵਾਂਝੇ ਸ਼ਹਿਰੀ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਮਹਿੰਦਰ ਪਾਲ ਨੇ ਕਿਹਾ ਕਿ 22 ਤੋਂ 28 ਫਰਵਰੀ ਤੱਕ ਆਯੋਜਿਤ ਵਿਸ਼ੇਸ਼ ਮੁਹਿੰਮ ਨੂੰ ਜ਼ਿਲ੍ਹੇ ਭਰ ਦੇ ਦਿਹਾਤੀ ਖੇਤਰਾਂ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੇ ਇਸ ਮੁਹਿੰਮ ਦਾ ਲਾਭ ਉਠਾਉਂਦੇ ਹੋਏ ਆਪਣੇ ਈ ਕਾਰਡ ਬਣਵਾਏ ਹਨ।
ਮਹਿੰਦਰ ਪਾਲ ਨੇ ਕਿਹਾ ਕਿ ਸਿੱਧੇ ਤੌਰ 'ਤੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਇੱਕ ਲਾਹੇਵੰਦ ਸਕੀਮ ਹੈ ਜਿਸ ਦਾ ਲਾਭ ਜ਼ਮੀਨੀ ਪੱਧਰ 'ਤੇ ਲੋੜਵੰਦਾਂ ਤੱਕ ਪਹੁੰਚਾਇਆ ਜਾਣਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦੀਆਂ ਦਿੱਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਨਾਲ ਇਸ ਸਬੰਧੀ ਲਗਾਤਾਰ ਰਾਬਤਾ ਰੱਖਿਆ ਜਾਵੇ ਤਾਂ ਜੋ ਲੋੜਵੰਦਾਂ ਨੂੰ ਇਹ ਕਾਰਡ ਬਣਵਾਉਣ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆ ਸਕੇ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਕਾਰਡ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਇਸ ਸਬੰਧੀ ਰੋਜ਼ਾਨਾ ਮੀਟਿੰਗ ਕੀਤੀ ਜਾਵੇ ਅਤੇ ਇਹ ਜਾਇਜ਼ਾ ਲਿਆ ਜਾਵੇ ਕਿ ਰੋਜ਼ਾਨਾ ਕਿੰਨੇ ਕਾਰਡਾਂ ਦਾ ਡਾਟਾ ਨਿਰਧਾਰਤ ਪ੍ਰੋਫਾਰਮਿਆਂ ਵਿੱਚ ਅਪਡੇਟ ਕੀਤਾ ਜਾ ਰਿਹਾ ਹੈ।