ਮਾਨਸਾ: ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚੋਂ ਨਿਕਲਣ ਵਾਲੀ ਰਾਖ ਤੋਂ ਇੱਟਾਂ ਬਣਾਉਣ ਦੇ ਲਈ ਮਨਰੇਗਾ ਦੇ ਤਹਿਤ ਬਣਾਂਵਾਲਾ ਪਿੰਡ ਵਿੱਚ ਬਣਾਏ ਗਏ ਫਲਾਈ ਐਸ਼ ਬ੍ਰਿਕਸ ਮੈਨੂਫੈਕਚਰਿੰਗ ਐਂਡ ਸਕਿੱਲਡ ਵੈੱਲਵੈਟ ਸੈਂਟਰ ਖੰਡਰ ਬਣ ਚੁੱਕਾ। ਮਨਰੇਗਾ ਤਹਿਤ ਲਗਾਏ ਗਏ ਇਸ ਪ੍ਰੋਜੈਕਟ ਦਾ ਸਾਮਾਨ ਚੋਰੀ ਹੋ ਚੁੱਕਾ ਹੈ ਜਿਸ ਦੀ ਐੱਫਆਈਆਰ ਦਰਜ ਕਰਵਾਈ ਗਈ ਹੈ।
ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲਗਾਉਣ ਦਾ ਮਕਸਦ ਥਰਮਲ ਵਿੱਚੋਂ ਨਿਕਲਣ ਵਾਲੀ ਰਾਖ ਤੋਂ ਇੱਟਾਂ ਬਣਾਉਣਾ ਅਤੇ ਉਨ੍ਹਾਂ ਇੱਟਾਂ ਨੂੰ ਬਣਾਉਣ ਦੇ ਲਈ ਮਜ਼ਦੂਰ ਜੋ ਮਨਰੇਗਾ ਵਿਚ ਕੰਮ ਕਰਦੇ ਹਨ ਉਨ੍ਹਾਂ ਨੂੰ ਕੰਮ ਦਿੱਤਾ ਜਾ ਸਕੇ ਅਤੇ ਰਾਖ ਤੋਂ ਬਣੀਆਂ ਇੱਟਾਂ ਪਿੰਡਾਂ ਵਿੱਚ ਸਪਲਾਈ ਕੀਤੀਆਂ ਜਾ ਸਕਣ ਜਿਨ੍ਹਾਂ ਨੂੰ ਗਲੀਆਂ ਬਣਾਉਣ ਦਾ ਕੰਮ ਲਇਆ ਜਾ ਸਕੇ। ਇਸ ਪ੍ਰਾਜੈਕਟ ਦਾ ਉਦਘਾਟਨ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਕੀਤਾ ਗਿਆ ਸੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਤਾਂ ਇਹ ਪ੍ਰਾਜੈਕਟ ਚੱਲਿਆ ਅਤੇ ਇੱਥੋਂ ਤੱਕ ਕਿ ਇਸ ਵਿੱਚ ਇੱਟਾਂ ਬਣਾਉਣ ਦੇ ਲਈ ਜੋ ਮਸ਼ੀਨਾਂ ਲਗਾਈਆਂ ਗਈਆਂ ਸਨ ਉਹ ਵੀ ਚੋਰੀ ਹੋ ਚੁੱਕੀਆਂ ਹਨ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਬਣਾਉਣ ਦੇ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਪਰ ਇਸ ਦਾ ਨਾਂ ਤਾਂ ਪਿੰਡ ਵਾਸੀਆਂ ਨੂੰ ਕੋਈ ਲਾਭ ਹੋਇਆ ਅਤੇ ਨਾ ਹੀ ਮਨਰੇਗਾ ਮਜ਼ਦੂਰਾਂ ਨੂੰ।
ਇਹ ਵੀ ਪੜ੍ਹੋ-ਸਤਲੁਜ ਦਰਿਆ 'ਚ ਪਿਆ 500 ਫ਼ੁੱਟ ਲੰਮਾ ਪਾੜ ਪੂਰਿਆ, ਕੈਪਟਨ ਨੇ ਪ੍ਰਗਟਾਈ ਖੁਸ਼ੀ
ਐਸਡੀਐਮ ਅਭਿਜੀਤ ਕਪਲਿਸ਼ ਨੇ ਕਿਹਾ ਕਿ ਬਣਾਂਵਾਲਾ ਪਿੰਡ ਵਿੱਚ ਥਰਮਲ 'ਚੋਂ ਨਿਕਲਣ ਵਾਲੀ ਰਾਖ ਤੋਂ ਇੱਟਾਂ ਬਣਾਉਣ ਦੇ ਲਈ ਮਨਰੇਗਾ ਦੇ ਤਹਿਤ ਇਸ ਪ੍ਰਾਜੈਕਟ ਨੂੰ ਲਗਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਦੀਆਂ ਮਸ਼ੀਨਾਂ ਚੋਰੀ ਹੋ ਗਈਆਂ ਸਨ ਜਿਸ ਦੀ ਐੱਫਆਈਆਰ ਵੀ ਹੋਈ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਚਲਾਉਣ ਦੇ ਲਈ ਕੋਈ ਫੰਡ ਭੇਜੇ ਜਾਂਦੇ ਹਨ ਤਾਂ ਇਸ ਪ੍ਰਾਜੈਕਟ ਨੂੰ ਜ਼ਰੂਰ ਚਲਾਇਆ ਜਾਵੇਗਾ।