ਮਾਨਸਾ: ਨਰਮਾ ਬੈਲਟ ਦੇ ਵਿੱਚ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ (Cotton crop) ਦਾ ਭਾਰੀ ਨੁਕਸਾਨ ਹੋਇਆ। ਜਿਸਨੇ ਕਰਜ਼ੇ ਚ ਡੁੱਬੇ ਕਿਸਾਨਾਂ ਦਾ ਲੱਕ ਤੋੜ ਦਿੱਤਾ। ਕਿਸਾਨ ਸਰਕਾਰ ਕੋਲੋਂ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਨਿਰੰਤਰ ਮੰਗ ਕਰ ਰਹੇ ਹਨ। ਪਰ ਸਰਕਾਰ ਨੇ ਮੁਆਵਜ਼ੇ ਵੱਲੋਂ ਮੂੰਹ ਫੇਰ ਰੱਖਿਆ ਹੈ।
ਇਸ ਮੰਗ ਦੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU Ugrahan) ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਦੂਜੇ ਪੜਾਅ ਵਿੱਚ 25 ਅਕਤੂਬਰ ਤੋਂ ਸੈਕਟਰੀਏਟ ਬਠਿੰਡਾ (Bathinda Secretariat) ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾ ਰਿਹਾ ਹੈ।
ਜਿਸਦੀ ਤਿਆਰੀ ਲਈ ਅੱਜ ਜਥੇਬੰਦੀ ਦੇ ਜਿਲ੍ਹਾ ਮਾਨਸਾ ਨਾਲ ਸਬੰਧਤ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਖੁੱਲ੍ਹੀ ਮੀਟਿੰਗ ਗੁਰੂ ਘਰ ਪਿੰਡ ਕੋਟਲੱਲੂ (ਲੱਲੂਆਣਾ) ਵਿਖੇ ਕੀਤੀ ਗਈ। ਇਸੇ ਤਰ੍ਹਾਂ ਹੀ ਆਗੂਆਂ ਵੱਲੋਂ ਵੱਖ ਵੱਖ ਪਿਡਾਂ ਵਿੱਚ ਇਸ ਸੰਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਦੀ ਟਿੰਡਿਆਂ ਨੂੰ ਪੂਰੀ ਤਰ੍ਹਾਂ ਖਾ ਲਿਆ ਹੈ। ਜਿਸ ਕਰਕੇ ਕਰਜ਼ੇ ਦੇ ਭੰਨੇ ਨਰਮਾ ਬੀਜਣ ਵਾਲੇ ਕਿਸਾਨ ਹੋਰ ਡੂੰਘੇ ਆਰਥਿਕ ਸੰਕਟ ਵਿੱਚ ਫਸ ਗਏ ਹਨ।
ਉਨ੍ਹਾਂ ਕਿਹਾ ਕਿ ਹੋਏ ਨੁਕਸਾਨ ਦਾ ਮੁਆਵਜਾ ਪੀੜ੍ਹਤ ਕਿਸਾਨਾਂ ਨੂੰ ਦੇਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਪਿੰਡ ਬਾਦਲ ਵਿਖੇ ਘਰ ਦਾ 15 ਦਿਨ ਲਗਾਤਾਰ ਘਿਰਾਓ ਕੀਤਾ ਗਿਆ ਸੀ, ਪਰ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਸਰਕਾਰ ਨੇ ਮੁਆਵਜੇ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਸੰਘਰਸ਼ ਨੂੰ ਅੱਗੇ ਤੋਰਦਿਆਂ 25 ਅਕਤੂਬਰ ਨੂੰ ਬਠਿੰਡਾ ਦੇ ਸੈਕਟਰੀਏਟ ਦੇ ਘਿਰਾਓ ਦਾ ਫ਼ੈਸਲਾ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਗੱਲ ਫੇਰ ਵੀ ਨਾ ਮੰਨੀ ਤਾਂ ਘਿਰਾਓ ਦੇ ਨਾਲ-ਨਾਲ ਮੰਤਰੀਆਂ ਅਤੇ ਕਾਂਗਰਸੀ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਮੋਰਚੇ ਦੇ ਨਾਲ-ਨਾਲ 25 ਅਕਤੂਬਰ ਨੂੰ ਬਠਿੰਡਾ ਮੋਰਚੇ ਵਿੱਚ ਵੀ ਪਰਿਵਾਰਾਂ ਸਮੇਤ ਸ਼ਾਮਲ ਹੋਣ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ ਪਹੁੰਚ ਸਕੇ।
ਇਹ ਵੀ ਪੜ੍ਹੋ: ‘ਕਿਸਾਨਾਂ ਨੂੰ ਵਿਰੋਧ ਮੁਜਾਹਰੇ ਦਾ ਹੱਕ, ਪਰ ਅਣਮਿੱਥੇ ਸਮੇਂ ਲਈ ਸੜਕ ਨਹੀਂ ਰੋਕ ਸਕਦੇ‘