ਮਾਨਸਾ: ਕਚਿਹਰੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋ ਪਿੰਡਾਂ ਵਿੱਚ ਕੱਟੇ ਗਏ ਰਾਸ਼ਨ ਕਾਰਡ, ਕਿਸਾਨਾਂ ਨੂੰ ਮਿਲਣ ਵਾਲੀ ਸਨਮਾਨ ਸਕੀਮ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਦੂਸਰੀ ਵਾਰ ਫਿਰ ਸਰਕਾਰ ਦੇ ਖਿਲਾਫ਼ ਮਾਨਸਾ ਕਚਿਹਰੀ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਨੇਤਾ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਵੱਡੇ ਪੱਧਰ ਉੱਤੇ ਮਜਦੂਰਾਂ ਅਤੇ ਕਿਸਾਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।
ਸਰਕਾਰ ਵੱਲੋ ਮੁਆਵਜ਼ਾ ਨਹੀਂ ਦਿੱਤਾ ਗਿਆ: ਕਿਸਾਨਾਂ ਨੂੰ ਮਿਲਣ ਵਾਲੀ ਕੇਂਦਰ ਦੀ ਸਨਮਾਨ ਸਕੀਮ ਜਿਸ ਵਿੱਚ ਕਿਸਾਨ ਨੂੰ ਦੋ ਹਜ਼ਾਰ ਰੁਪਏ ਸਹਾਇਤਾ ਭੇਜੀ ਜਾਂਦੀ ਹੈ ਅਤੇ 6 ਮਹੀਨੇ ਤੋਂ ਬਹੁਤੇ ਕਿਸਾਨਾਂ ਨੂੰ ਭੇਜੀ ਨਹੀ ਜਾ ਰਹੀ। ਇਸ ਤੋਂ ਇਲਾਵਾ ਲੰਪੀ ਸਕਿੰਨ ਨਾਲ ਮਰੇ ਦੁਧਾਰੂ ਪਸ਼ੂਆਂ ਦਾ ਕਿਸਾਨਾਂ ਮਜਦੂਰਾਂ ਨੂੰ ਸਰਕਾਰ ਵੱਲੋ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਬੇਮੌਸਮੀ ਬਾਰਿਸ਼ ਦੇ ਨਾਲ ਖਰਾਬ ਫ਼ਸਲਾਂ ਅਤੇ ਮਜਦੂਰਾਂ ਦੇ ਡਿੱਗੇ ਘਰਾਂ ਦਾ ਮੁਆਵਜ਼ਾ ਨਹੀ ਮਿਲਿਆ। ਜਿਸ ਕਾਰਨ ਅੱਜ ਦੂਸਰੀ ਵਾਰ ਫਿਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਊਣ ਦੇ ਲਈ ਮਜਬੂਰ ਹੋਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਾਰੀਆਂ ਮੰਗਾਂ ਮੰਨੀਆ ਹੋਈਆ ਹਨ ਪਰ ਉਸਨੂੰ ਅਮਲੀਜਾਮਾ ਨਹੀ ਪਹਿਨਾਇਆ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਅੱਜ ਦਾ ਧਰਨਾ ਸ਼ਾਤਮਈ ਸੀ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾਵੇ ਕਿਉਂਕਿ ਇਹ ਸਰਕਾਰ ਵੀ ਦੂਸਰੀਆਂ ਸਰਕਾਰਾਂ ਵਰਗੀ ਹੋ ਗਈ ਹੈ।
ਇਹ ਵੀ ਪੜ੍ਹੋ: Governor vs Govt: ਪੰਜਾਬ 'ਚ ਰਾਸ਼ਟਰਪਤੀ ਸਾਸ਼ਨ ਲਾਗੂ ਕਰਵਾ ਸਕਦੀ ਐ ਰਾਜਪਾਲ ਤੇ ਸਰਕਾਰ ਦੀ ਆਪਸੀ ਖਿੱਚੋਤਾਣ ! ਪੜ੍ਹੋ ਇਹ ਖਾਸ ਰਿਪੋਰਟ
ਰਾਹਤ ਸਕੀਮਾਂ ਨੂੰ ਬੰਦ ਕਰ ਦਿੱਤਾ: ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਖੁੱਦ ਨੂੰ ਕਿਸਾਨ ਅਤੇ ਮਜ਼ਦੂਰ ਹਿਤੇਸ਼ੀ ਦੱਸਦਿਆਂ ਅਨੇਕਾਂ ਵਾਅਦੇ ਕੀਤੇ ਸਨ ,ਪਰ ਅਫ਼ਸੋਸ ਉਹ ਸਾਰੇ ਵਾਅਦੇ ਖੋਖਲ੍ਹੇ ਸਾਬਿਤ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਪਰ ਉਲਟਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਰਾਹਤ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਸਕੀਮਾਂ ਨੂੰ ਜੇਕਰ ਜਲਦ ਲਾਗੂ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਵੱਡਾ ਪ੍ਰਦਰਸ਼ਨ ਵਿੱਢਣਗੇ।