ਮਾਨਸਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਭਰ ਦੇ ਪਿੰਡਾਂ ਵਿੱਚ ਅਨਾਜ ਮੰਡੀਆਂ ਅੰਦਰ ਪਰਾਲੀ ਨਾ ਸਾੜਨ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਗਾਏ ਜਾ ਰਹੇ ਹਨ। ਉਧਰ, ਕਿਸਾਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਪਰਾਲੀ ਦਾ ਸਹੀ ਹੱਲ ਨਾ ਕੀਤੇ ਜਾਣ ਕਾਰਨ ਵਿਰੋਧ ਹੈ, ਜਿਸ ਦੇ ਸਿੱਟੇ ਵੱਜੋਂ ਸੋਮਵਾਰ ਨੂੰ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਲੱਗੇ ਇੱਕ ਪੋਸਟਰ ਨੂੰ ਉਤਾਰ ਕੇ ਅੱਗ ਦੇ ਹਵਾਲੇ ਕਰ ਦਿੱਤਾ।
ਪੋਸਟਰ ਨੂੰ ਅੱਗ ਲਗਾਉਣ ਸਮੇਂ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਜਿੰਨੇ ਮਰਜ਼ੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਿਰੁੱਧ ਪੋਸਟਰ ਲਗਵਾ ਲਵੇ ਪਰ ਜਿੰਨਾ ਚਿਰ ਸਰਕਾਰ ਪਰਾਲੀ ਦਾ ਕੋਈ ਉਚਿਤ ਪ੍ਰਬੰਧ ਨਹੀਂ ਕਰਦੀ, ਓਨਾ ਚਿਰ ਇਹ ਅੱਗ ਲਗਾਈ ਜਾਂਦੀ ਰਹੇਗੀ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਪੋਸਟਰ ਨੂੰ ਹੇਠਾਂ ਉਤਾਰਿਆਂ ਅਤੇ ਚੰਗੀ ਤਰ੍ਹਾਂ ਪਾੜ ਦਿੱਤਾ। ਉਪਰੰਤ ਨਾਅਰੇਬਾਜ਼ੀ ਦੌਰਾਨ ਕਿਸਾਨਾਂ ਨੇ ਪੋਸਟਰਾਂ ਨੂੰ ਅੱਗ ਦੇ ਹਵਾਲੇ ਕੀਤਾ।
ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਪਰਾਲੀ ਨੂੰ ਸੰਭਾਲਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ। ਨਾ ਹੀ ਕਿਸੇ ਪ੍ਰਕਾਰ ਦੀ ਮਸ਼ੀਨਰੀ ਉਪਲੱਬਧ ਕਰਵਾਈ ਹੈ, ਜਿਸ ਨਾਲ ਪਰਾਲੀ ਦੀ ਸੰਭਾਲ ਕੀਤੀ ਜਾ ਸਕੇ। ਇਸ ਲਈ ਉਨ੍ਹਾਂ ਨੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਪਰਾਲੀ ਦਾ ਕੋਈ ਉਚਿਤ ਪ੍ਰਬੰਧ ਨਹੀਂ ਕਰਦੀ, ਤੱਦ ਤੱਕ ਪਰਾਲੀ ਨੂੰ ਅੱਗ ਲਾਵਾਂਗੇ।