ਮਾਨਸਾ: ਜ਼ਿਲ੍ਹੇ ਦੇ ਪਿੰਡ ਘੁੱਦੂਵਾਲਾ ਦੇ 38 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਕਰਜ਼ੇ ਕਾਰਨ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ। ਮ੍ਰਿਤਕ ਕਿਸਾਨ 2 ਏਕੜ ਜ਼ਮੀਨ ਦਾ ਮਾਲਕ ਸੀ ਅਤੇ 5 ਲੱਖ ਦਾ ਕਰਜ਼ਦਾਰ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ 7 ਏਕੜ ਦੀ ਖੇਤੀ ਕਰ ਰਿਹਾ ਸੀ ਜੋ ਕਿ ਠੇਕੇ 'ਤੇ ਲਈ ਹੋਈ ਸੀ।
ਕਿਸਾਨ ਦਰਸ਼ਨ ਸਿੰਘ ਗੁਲਾਬੀ ਸੁੰਡੀ (Pink worm) ਕੀੜੇ ਦੇ ਹਮਲੇ ਕਾਰਨ ਬਰਬਾਦ ਹੋਈ ਫਸਲ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸਦੇ ਚੱਲਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਬੈਂਕ ਵੱਲੋਂ ਕਿਸਾਨ ਤੋਂ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਿਸਾਨ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ।
ਮ੍ਰਿਤਕ ਆਪਣੇ ਪਿੱਛੇ ਬੁੱਢੇ ਮਾਪਿਆਂ ਅਤੇ ਦੋ ਬੱਚਿਆਂ ਅਤੇ ਪਤਨੀ ਨੂੰ ਕਰਜ਼ਦਾਰ ਵਜੋਂ ਛੱਡ ਗਿਆ ਹੈ। ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਕੋਈ ਮਦਦ ਹੋ ਸਕੇ।
ਜਿਕਰਯੋਗ ਹੈ ਕਿ ਗੁਲਾਬੀ ਸੁੰਡੀ (Pink worm) ਦੇ ਹਮਲੇ ਦੇ ਕਾਰਨ ਸੂਬੇ ਦੇ ਵਿੱਚ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦ ਹੋਈ ਹੈ ਜਿਸ ਕਾਰਨ ਅੰਨਦਾਤਾ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ। ਪੀੜਤ ਕਿਸਾਨਾਂ ਵੱਲੋਂ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਓਧਰ ਦੂਜੇ ਪਾਸੇ ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈਕੇ, ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਵਰਤਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਪਰ ਇਸ ਦੌਰਾਨ ਵੀ ਅੰਨਦਾਤਾ ਪਰੇਸ਼ਾਨ ਵਿਖਾਈ ਦੇ ਰਿਹਾ ਹੈ ਅਤੇ ਜਿਸਦੇ ਚੱਲਦੇ ਮਜ਼ਬੂਰਨ ਖੌਫਨਾਕ ਕਦਮ ਚੁੱਕ ਰਿਹਾ ਹੈ।