ਮਾਨਸਾ: ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਾਬਕਾ ਸੈਨਿਕ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਦਿੱਲੀ ਵਿਖੇ ਜੰਤਰ ਮੰਤਰ ਤੇ ਪਿਛਲੇ ਪੰਜ ਮਹੀਨਿਆਂ ਤੋਂ ਪ੍ਰਦਰਸ਼ਨ ਜਾਰੀ ਹੈ। ਉਥੇ ਹੀ ਸਾਬਕਾ ਸੈਨਿਕਾਂ ਦੀ ਹਮਾਇਤ 'ਤੇ ਅੱਜ ਪੂਰੇ ਦੇਸ਼ ਭਰ ਦੇ ਵਿਚ ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਕਰਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਾਨਸਾ ਵਿਖੇ ਵੀ ਸੈਨਿਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਸਾਬਕਾ ਸੈਨਿਕਾਂ ਨੇ ਕਿਹਾ ਕਿ ਉਹ ਸੂਬਾ ਸਰਕਾਰ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਦਿੱਲੀ ਦੇ ਜੰਤਰ ਮੰਤਰ ਵਿਖੇ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਸਾਡੀਆਂ ਮੰਗਾਂ ਦੀ ਪੂਰਤੀ ਕਰਨਾ ਤਾਂ ਦੂਰ ਸਾਡੇ ਕੋਲ ਕੋਈ ਅਧਿਕਾਰੀ ਤੱਕ ਨਹੀਂ ਪਹੁੰਚਿਆ।
5 ਮਹੀਨਿਆਂ ਤੋਂ ਨਹੀਂ ਲਈ ਕਿਸੇ ਨੇ ਸਾਰ: ਇਸੇ ਤਹਿਤ ਅੱਜ ਮਾਨਸਾ ਵਿਖੇ 11 ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਅਤੇ ਸੈਂਕੜੇ ਦੀ ਤਾਦਾਦ 'ਚ ਪਹੁੰਚੇ ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਵਨ ਰੈਂਕ ਵਨ ਪੈਨਸ਼ਨ ਸਕੀਮ ਜਲਦ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੰਤਰ ਮੰਤਰ 'ਤੇ ਪਿਛਲੇ ਪੰਜ ਮਹੀਨੇ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਸਾਬਕਾ ਸੈਨਿਕਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੇ ਵਿੱਚ ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਸੰਸਦ ਦਾ ਕੀਤਾ ਜਾਵੇਗਾ ਘਿਰਾਓ: ਇਸੇ ਤਰ੍ਹਾਂ ਸੈਨਿਕਾਂ ਦੀਆਂ ਲਟਕਦੀਆਂ ਮੰਗਾਂ ਦੀ ਜਿਨ੍ਹਾਂ ਵਿਚ ਡੀਏ ਦੀ ਕਿਸ਼ਤ ਜਾਰੀ ਕਰਨੀ ਅਤੇ ਸੈਨਿਕਾਂ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਵਿਧਾਇਕਾਂ ਦੇ ਰਾਹੀਂ ਸਰਕਾਰਾਂ ਦੇ ਤੱਕ ਮੰਗ ਪੱਤਰ ਪਹੁੰਚਾਏ ਗਏ ਹਨ। ਪਰ ਸਰਕਾਰ ਵੱਲੋਂ ਇਨ੍ਹਾਂ ਮੰਗ ਪੱਤਰਾਂ 'ਤੇ ਵੀ ਕੋਈ ਗੌਰ ਨਾ ਕੀਤੇ ਜਾਣ ਕਾਰਨ ਮਜ਼ਬੂਰੀ ਵੱਜੋਂ ਹੁਣ ਸਾਬਕਾ ਸੈਨਿਕ ਭੁੱਖ ਹੜਤਾਲ ਕਰਨ ਦੇ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਰੋਸ ਪ੍ਰਦਰਸ਼ਨ ਹੋਰ ਵੀ ਤੇਜ ਕੀਤੇ ਜਾਣਗੇ। ਸੰਸਦ ਦਾ ਘਿਰਾਓ ਕਰਨ ਤੋਂ ਵੀ ਸਾਨੂ ਕੋਈ ਰੋਕ ਨਹੀਂ ਸਕਦਾ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦੇ ਨਾਲ ਨਾਲ ਵਿਧਵਾ ਅਤੇ ਬਜ਼ੁਰਗ ਮਹਿਲਾਵਾਂ ਦੀ ਵੀ ਸਾਰ ਲਈ ਜਾਵੇ ਜਿੰਨਾ ਦੇ ਜੀਅ ਫੌਜ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।