ਮਾਨਸਾ: ਸਰਦੂਲਗੜ੍ਹ ਵਿੱਚ ਘੱਗਰ ਦੇ ਕਹਿਰ ਕਾਰਨ ਪਿੰਡਾਂ ਵਿੱਚ ਪਾਣੀ ਆ ਗਿਆ ਜਿਸ ਨੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਮੌਕੇ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ। ਹੁਣ ਜਦੋਂ ਹਾਲਾਤ ਆਮ ਹੋਏ ਹਨ, ਤਾਂ ਕਈ ਪਰਿਵਾਰ ਮੁੜ ਤੋਂ ਆਪਣੇ ਘਰਾਂ ਵਿੱਚ ਰਹਿਣ ਬਸੇਰਾ ਕਰਨ ਤੋਂ ਵੀ ਡਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਦਰਾਰਾਂ ਪੈ ਚੁੱਕੀਆਂ ਹਨ ਤੇ ਕਈ ਘਰ ਡਿੱਗ ਚੁੱਕੇ ਹਨ। ਹੁਣ ਇਕ ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਉਹ ਅਪਣੇ ਘਰ ਦੀ ਮੁਰੰਮਤ ਕਰਵਾ ਸਕਣ।
ਸਾਲਾਂ ਦੀ ਮਿਹਨਤ ਉੱਤੇ ਫਿਰਿਆ ਪਾਣੀ: ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਘੱਗਰ ਦੀ ਤਬਾਹੀ ਨੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਕਿ ਅੱਜ ਹਰ ਕੋਈ ਪਰਿਵਾਰ ਆਪਣੇ ਘਰਾਂ ਦੀ ਹਾਲਤ ਦੇਖਕੇ ਭਾਵੁਕ ਹੋ ਰਿਹਾ ਹੈ। ਜਿਨ੍ਹਾਂ ਪਰਿਵਾਰਾਂ ਨੇ ਸਾਲਾਂ ਭਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਬਣਾਏ ਸੀ, ਅੱਜ ਘੱਗਰ ਦੇ ਪਾਣੀ ਨੇ ਘਰਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਘਰਾਂ ਵਿੱਚ ਇਹ ਪਰਿਵਾਰ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ, ਪਰ ਕੁਦਰਤੀ ਕਹਿਰ ਨੇ ਅਜਿਹੀ ਤਬਾਹੀ ਮਚਾਈ ਕਿ ਹੁਣ ਉਹ ਅਪਣੇ ਹੀ ਘਰ ਅੰਦਰ ਦਾਖਲ ਹੋਣ ਤੋਂ ਡਰ ਰਹੇ ਹਨ। ਦਰਅਸਲ, ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ ਤੇ ਡਰ ਹੈ ਕਿ ਛੱਤ ਹੇਠਾਂ ਨਾ ਆ ਜਾਵੇ।
ਪੰਜਾਬ ਸਰਕਾਰ ਕੋਲੋਂ ਮਦਦ ਦੀ ਅਪੀਲ: ਦੁਖੀ ਪਰਿਵਾਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹ ਆਪਣੇ ਘਰ ਬਣਾਉਣ ਲਈ ਮਿਹਨਤ ਮਜ਼ਦੂਰੀ ਕਰ ਰਹੇ ਸੀ, ਪਰ ਹੁਣ ਜਦੋਂ ਉਨ੍ਹਾਂ ਨੇ ਘਰ ਬਣਾ ਲਏ ਤਾਂ ਘੱਗਰ ਨੇ ਉਨ੍ਹਾਂ ਦੇ ਘਰਾਂ ਨੂੰ ਪਾਣੀ ਵਿੱਚ ਰੋੜ ਲੈ ਗਿਆ ਅਤੇ ਘਰਾਂ ਦਾ ਕੀਮਤੀ ਸਾਮਾਨ ਵੀ ਪਾਣੀ ਵਿੱਚ ਵਹਿ ਗਿਆ। ਜਿਸ ਕਾਰਨ ਹੁਣ ਚਿੰਤਾ ਸਤਾ ਰਹੀ ਹੈ ਕਿ ਦੁਬਾਰਾ ਤੋਂ ਘਰ ਕਿਵੇ ਬਣਾਏ ਜਾਣਗੇ, ਕਿਉਂਕਿ ਹੁਣ ਨਾ ਤਾਂ ਉਨ੍ਹਾਂ ਕੋਲ ਕੋਈ ਪੈਸਾ ਹੈ ਅਤੇ ਨਾਂ ਹੀ ਕੋਈ ਰੁਜ਼ਗਾਰ ਹੈ। ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਉਨ੍ਹਾਂ ਦੇ ਪਿੰਡਾਂ ਦੀ ਗਿਰਦਾਵਰੀ ਕਰਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਬਣਦੀ ਮੁਆਵਜਾ ਰਾਸ਼ੀ ਦਿੱਤੀ ਜਾਵੇ, ਤਾਂ ਕਿ ਦੁਬਾਰਾ ਤੋਂ ਉਹ ਆਪਣੇ ਘਰ ਬਣਾ ਸਕਣ। ਬਿਨਾਂ ਡਰੇ ਘਰਾਂ ਦੇ ਅੰਦਰ ਮੁੜ ਵਸੇਰਾ ਸ਼ੁਰੂ ਕਰ ਸਕਣ।
ਅੱਜ ਵੀ ਯੈਲੋ ਅਲਰਟ ਜਾਰੀ : ਮੌਸਮ ਵਿਭਾਗ ਨੇ ਅੱਜ ਵੀ ਕਈ ਥਾਂ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਪਹਿਲਾਂ ਹੀ ਪਾਣੀ 'ਚ ਡੁੱਬੇ ਇਲਾਕਿਆਂ 'ਚ ਲੋਕਾਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਣ ਵਾਲੀਆਂ ਹਨ। ਭਾਵੇਂ ਪਿਛਲੇ 2-3 ਦਿਨਾਂ ਤੋਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਨਾ ਵਧਣ ਕਾਰਨ ਕੁਝ ਰਾਹਤ ਮਿਲੀ ਸੀ ਅਤੇ ਜਨਜੀਵਨ ਵੀ ਲੀਹ 'ਤੇ ਆਉਣਾ ਸ਼ੁਰੂ ਹੋ ਗਿਆ ਸੀ ਪਰ ਹੁਣ ਮੀਂਹ ਪੈਣ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਫਿਰ ਤੋਂ ਵੱਧ ਸਕਦਾ ਹੈ। ਪਹਿਲਾਂ ਹੀ ਬਿਆਸ, ਰਾਵੀ ਅਤੇ ਸਤਲੁਜ ਦਰਿਆ ਤੇਜ਼ ਰਫ਼ਤਾਰ ਨਾਲ ਵਹਿ ਰਹੇ ਹਨ ਅਤੇ ਹੁਣ ਇਨ੍ਹਾਂ ਵਿੱਚ ਪਾਣੀ ਹੋਰ ਵਧ ਸਕਦਾ ਹੈ।