ਮਾਨਸਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਧਰਨੇ ਦੌਰਾਨ ਬੁਢਲਾਡਾ ਦੇ ਰੇਲਵੇ ਸਟੇਸ਼ਨ ਉਪਰ ਪਿਛਲੇ ਦਿਨੀਂ ਬਜ਼ੁਰਗ ਮਾਤਾ ਤੇਜ ਕੌਰ ਦੀ ਮੌਤ ਹੋ ਜਾਣ ਮਗਰੋਂ ਮੁਆਵਜ਼ੇ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਬੁੱਧਵਾਰ ਮਾਤਾ ਦੇ ਭੋਗ ਉਪਰ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਬਾਕੀ ਰਹਿੰਦੇ 5 ਲੱਖ ਰੁਪਏ ਨਾ ਦੇਣ 'ਤੇ ਮਾਤਾ ਦੇ ਪੁੱਤਰਾਂ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਾਤਾ ਦੀ ਪੋਤੀ ਨੇ ਵੀ ਮੁਆਵਜ਼ੇ ਵਿੱਚ ਆਪਣੇ ਹਿੱਸੇ 'ਤੇ ਹੱਕ ਜਤਾਇਆ।
ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਿਛਲੇ ਦਿਨੀ ਸੰਘਰਸ਼ ਦੌਰਾਨ ਮਾਤਾ ਤੇਜ ਕੌਰ ਦੇ ਮੁਆਵਜ਼ੇ ਦੀ ਰਾਸ਼ੀ 10 ਲੱਖ ਰੁਪਏ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ। ਮੌਕੇ 'ਤੇ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਸੌਂਪੇ ਸਨ ਅਤੇ ਬਾਕੀ ਪੰਜ ਲੱਖ ਰੁਪਏ ਭੋਗ ਸਮਾਗਮ 'ਤੇ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਪ੍ਰਸ਼ਾਸਨ ਇਹ ਮੁਆਵਜ਼ਾ ਦੇਣ ਤੋਂ ਭੱਜ ਰਿਹਾ ਹੈ, ਜਿਸ ਲਈ ਉਹ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਧਰਨੇ ਦੌਰਾਨ ਮਾਤਾ ਦੀ ਪੋਤੀ ਸੁਖਪਾਲ ਕੌਰ ਨੇ ਦੋਸ਼ ਲਾਇਆ ਹੈ ਕਿ ਮੁਆਵਜ਼ੇ ਦੀ ਰਾਸ਼ੀ ਵਿੱਚ ਉਨ੍ਹਾਂ ਦਾ ਵੀ ਹਿੱਸਾ ਹੈ ਪਰ ਉਨ੍ਹਾਂ ਨੂੰ ਹਿੱਸਾ ਨਾ ਦੇ ਕੇ ਚਾਰ ਹਿੱਸੇ ਕੀਤੇ ਜਾ ਰਹੇ ਹਨ। ਇਸ ਸਬੰਧੀ ਉਹ ਡੀਸੀ ਮਾਨਸਾ ਨੂੰ ਵੀ ਮਿਲੇ ਸਨ। ਉਸ ਨੇ ਕਿਹਾ ਕਿ ਉਹ ਹਿੱਸਾ ਲੈ ਕੇ ਹੀ ਜਾਣਗੇ।
ਉਧਰ, ਮਾਤਾ ਤੇਜ ਕੌਰ ਦੇ ਮੁੰਡੇ ਬਾਬੂ ਸਿੰਘ ਸਿੰਘ ਨੇ ਕਿਹਾ ਕਿ ਉਸ ਦੀਆਂ ਭੈਣਾਂ ਅਤੇ ਪਿੰਡ ਵਿੱਚ ਕੁੱਝ ਰਿਸ਼ਤੇਦਾਰਾਂ ਨੇ ਡੀਸੀ ਨੂੰ ਅਰਜ਼ੀ ਲਿਖ ਕੇ ਮੁਆਵਜ਼ਾ ਰੁਕਵਾਇਆ ਹੈ ਕਿਉਂਕਿ ਉਹ ਮੁਆਵਜ਼ੇ ਵਿੱਚੋਂ ਹਿੱਸਾ ਭਾਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਮਾਤਾ ਦਾ ਮੁਆਵਜ਼ਾ ਹੈ ਅਤੇ ਉਹ ਇਸ ਵਿੱਚੋਂ ਕੋਈ ਵੀ ਪੈਸਾ ਆਪਣੇ ਪਰਿਵਾਰ ਲਈ ਨਹੀਂ ਖਰਚਣਗੇ। ਸਗੋਂ ਉਹ ਪਿੰਡ ਵਿੱਚ ਸਾਂਝੇ ਕੰਮ ਅਤੇ ਗ਼ਰੀਬ ਦੀ ਸੇਵਾ 'ਤੇ ਲਾਉਣਗੇ। ਉਨ੍ਹਾਂ ਕਿਹਾ ਕਿ ਇੱਕ ਭੈਣ ਦੀਆਂ ਕੁੜੀਆਂ ਮੁਆਵਜ਼ਾ ਮੰਗ ਰਹੀਆਂ ਹਨ, ਜੋ ਉਹ ਬਣਦਾ ਢਾਈ ਲੱਖ ਰੁਪਏ ਹਿੱਸਾ ਦੇਣ ਲਈ ਤਿਆਰ ਹਨ।