ਮਾਨਸਾ: ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਦੇ ਲੋਕ ਮਨਰੇਗਾ ਵਿੱਚ ਹੋਏ ਘਪਲਿਆਂ ਦੀ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਜਾਂਚ ਨਾ ਕਰਨ ਤੋਂ ਦੁਖੀ ਹੋਕੇ ਅੱਜ CM ਹਾਊਸ ਤੱਕ ਪਹਿਲੀ ਪੈਦਲ ਯਾਤਰਾ ਲੈ ਕੇ ਰਵਾਨਾ ਹੋਏ ਨੇ ਅਤੇ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨਾ ਮਿਲੇ ਤਾਂ ਉਥੇ ਹੀ ਮੋਰਚਾ ਲਗਾ ਦੇਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਮਨਰੇਗਾ ਦੇ ਅਧਿਕਾਰੀਆਂ ਅਤੇ ਪੰਚਾਇਤ ਦੀ ਮਿਲੀਭੁਗਤ ਨਾਲ 24 ਲੱਖ ਤੋ ਜ਼ਿਆਦਾ ਦਾ ਘਪਲਾ ਹੋਈਆ ਹੈ ਜਿਸਦਾ ਆਰ ਟੀ ਆਈ ਦੀ ਜਾਣਕਾਰੀ ਵਿੱਚ ਖ਼ੁਲਾਸਾ ਹੋਇਆ ਹੈ।
24 ਲੱਖ 47 ਹਜ਼ਾਰ ਤੋ ਜ਼ਿਆਦਾ ਦਾ ਘਪਲਾ: ਮਨਰੇਗਾ ਦੇ ਵਿੱਚ ਵਧੀਆ ਕੰਮ ਕਰਵਾਉਣ ਦੇ ਲਈ ਮਾਨਸਾ ਜ਼ਿਲ੍ਹਾ ਪਿਛਲੇ 10 ਮਹੀਨਿਆਂ ਤੋ ਨੰਬਰ ਇੱਕ ਉੱਤੇ ਹੈ ਸਰਕਾਰ ਵੱਲੋ ਇਸ ਬਦਲੇ ਮਾਨਸਾ ਜਿਲ੍ਹੇ ਨੂੰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਮਾਨਸਾ ਜਿਲ੍ਹੇ ਦੇ ਪਿੰਡ ਝੰਡਾ ਖੁਰਦ ਦੇ ਲੋਕ ਅੱਜ ਪਹਿਲੀ ਪੈਦਲ ਯਾਤਰਾ CM ਹਾਊਸ ਵੱਲ ਨੂੰ ਲੈ ਕੇ ਰਵਾਨਾ ਹੋਏ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ 10 ਮਹੀਨਿਆਂ ਤੋ ਇਨ੍ਹਾਂ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ ਅਤੇ ਉਨ੍ਹਾਂ ਨੇ ਜਦੋਂ ਆਰ ਟੀ ਆਈ ਲੈਣੀ ਚਾਹੀ ਤਾਂ ਕਦੇ ਇੱਕ ਕਦੇ ਦੋ ਪੇਜ ਦੇ ਕੇ ਖੱਜਲ ਖੁਆਰ ਕਰਦੇ ਰਹੇ, ਪਰ ਜਦੋਂ ਪੂਰੀ ਆਰਟੀਆਈ 2019 ਤੋ 2022 ਤੱਕ ਦੀ ਲਈ ਗਈ ਤਾਂ ਉਸ ਵਿੱਚ ਸਾਹਮਣੇ ਆਇਆ ਹੈ ਕਿ 24 ਲੱਖ 47 ਹਜ਼ਾਰ ਤੋ ਜ਼ਿਆਦਾ ਦਾ ਘਪਲਾ ਹੋਇਆ ਹੈ।
ਜਦੋਂ ਇਸ ਦੀ ਜਾਂਚ ਕਰਨ ਦੇ ਲਈ ਅਧਿਕਾਰੀਆਂ ਨੂੰ ਮਿਲੇ ਤਾਂ ਸਿਵਾਏ ਲਾਰਿਆ ਦੇ ਕੁਝ ਨਹੀ ਮਿਲਿਆ। ਉਨ੍ਹਾਂ ਦੱਸਿਆ ਕਿ ਕਈ ਮਰ ਚੁੱਕੇ ਵਿਆਕਤੀਆਂ ਅਤੇ ਰਿਸ਼ਤੇਦਾਰਾਂ ਅਤੇ ਦੁਕਾਨਦਾਰਾਂ ਦੀ ਹਾਜ਼ਰੀ ਲਗਾਕੇ ਵੱਡਾ ਘਪਲਾ ਕੀਤਾ ਗਿਆ। ਉਨ੍ਹਾਂ ਕਿਹਾ ਜ਼ਿਲ੍ਹੇ ਦੇ ਅਧਿਕਾਰੀ ਕਹਿੰਦੇ ਰਹੇ ਕਿ ਤੁਹਾਡੇ ਪਿੰਡ ਆ ਕੇ ਜਾਂਚ ਕਰਾਂਗੇ ਪਰ ਕੋਈ ਵੀ ਆਧਿਕਾਰੀ ਪਿੰਡ ਨਹੀ ਪਹੁੰਚਿਆ ਜਿਸ ਤੋਂ ਦੁਖੀ ਹੋ ਕੇ ਅਸੀਂ ਅੱਜ CM ਹਾਊਸ ਨੂੰ ਪੈਦਲ ਯਾਤਰਾ ਲੈ ਕੇ ਚੱਲੇ ਹਾਂ ਜੇਕਰ ਉਥੇ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਪੱਕਾ ਮੋਰਚਾ ਲਗਾਕੇ ਬੈਠ ਜਾਵਾਂਗੇ।
ਇਹ ਵੀ ਪੜ੍ਹੋ: Groom Presented Unique Example: ਲਾੜੇ ਨੇ ਕੀਤੀ ਨਿਵੇਕਲੀ ਪਹਿਲ, ਮਹਿੰਗੀਆਂ ਕਾਰਾਂ ਦੀ ਥਾਂ ਟਰੈਕਟਰਾਂ ਉੱਤੇ ਚੜ੍ਹਾਈ ਬਰਾਤ
ਬੀਡੀਪੀਓ ਦੀ ਸਫ਼ਾਈ: ਪੰਚਾਇਤ ਵਿਭਾਗ ਦੇ ਬੀਡੀਪੀਓ ਨੇ ਕਿਹਾ ਕਿ ਏਡੀਸੀ ਵੱਲੋ ਪੜਤਾਲ ਕਰਨ ਸਬੰਧੀ ਸਾਨੂੰ ਪੱਤਰ ਮਿਲਿਆ ਸੀ ਅਤੇ ਪੜਤਾਲ ਕਰਨ ਤੋ ਬਾਅਦ ਏਡੀਸੀ ਦਫ਼ਤਰ ਨੂੰ ਵਾਪਸ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਸਾਡੇ ਕੋਲ ਕਿਸੇ ਨੇ ਵਾਰ ਵਾਰ ਚੱਕਰ ਨਹੀਂ ਕੱਢੇ ਅਤੇ ਅਸੀਂ ਪੜਤਾਲ ਭੇਜ ਦਿੱਤੀ ਸੀ।