ਮਾਨਸਾ: ਪੰਜਾਬ 'ਚ ਤਾਪਮਾਨ ਵਧ ਹੋਣ ਕਾਰਨ ਬਿਜਲੀ ਖਪਤਕਾਰਾਂ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਬਾਹਰ ਲਗਾਏ ਗਏ ਬਿਜਲੀ ਦੇ ਮੀਟਰਾਂ ਤੇ ਸਾਫ਼ ਲਿਖਿਆ ਹੈ ਕਿ ਬਿਜਲੀ ਦਾ ਮੀਟਰ 27° ਡਿਗਰੀ ਤੇ ਸਹੀ ਕੰਮ ਕਰੇਗਾ ਪਰ ਪੰਜਾਬ ਦਾ ਤਾਪਮਾਨ ਇਸ ਸਮੇਂ 45° ਡਿਗਰੀ ਪਾਰ ਕਰ ਚੁੱਕਿਆ ਹੈ, ਜਿਸ ਨਾਲ ਬਿਜਲੀ ਦੀ ਸਹੀ ਰੀਡਿੰਗ ਨਹੀਂ ਆ ਰਹੀ ਕਿਉਂਕਿ ਤਾਪਮਾਨ ਮੀਟਰ ਦੀ ਰੀਡਿੰਗ ਤੇ ਗੜਬੜੀ ਕਰ ਰਿਹਾ ਹੈ।
ਲਿਹਾਜ਼ਾ ਬਿਜਲੀ ਮੀਟਰ ਸਹੀ ਰੀਡਿੰਗ ਨਹੀਂ ਦੇ ਰਹੇ, ਜਿਸ ਦੇ ਚੱਲਦੇ ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਔਸਤ ਮਹੀਨੇ ਤੋਂ ਜ਼ਿਆਦਾ ਆ ਰਿਹਾ ਹੈ, ਜਿਸ ਕਾਰਨ ਖਪਤਕਾਰ ਬਹੁਤ ਪ੍ਰੇਸ਼ਾਨ ਹਨ। ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਜਦੋਂ ਮੀਟਰ ਬਾਹਰ ਕੱਢੇ ਗਏ ਸਨ ਤਾਂ ਵਿਭਾਗ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਹਰ ਖਪਤਕਾਰ ਦੇ ਘਰ ਦੇ ਅੰਦਰ ਇੱਕ ਡਿਸਪਲੇ ਲੱਗੇਗੀ ਜਿਸ ਤੇ ਬਿਜਲੀ ਦੀ ਯੂਨਿਟ ਬਾਹਰ ਦੇ ਮੀਟਰ ਮਿਲਣਗੇ ਕਿਉਂਕਿ ਅੰਦਰ ਦੀ ਡਿਸਪਲੇ ਸਹੀ ਤਾਪਮਾਨ ਤੇ ਰਹੇਗੀ। ਵਿਭਾਗ ਵੱਲੋਂ ਕਿਸੇ ਵੀ ਖਪਤਕਾਰ ਦੇ ਘਰ ਇਹ ਡਿਸਪਲੇ ਨਹੀਂ ਲਗਾਈ ਗਈ।
ਲੋਕਾਂ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਮੀਟਰ ਬਾਹਰ ਕੱਢ ਕੇ ਲੋਕਾਂ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਾ ਰਿਹਾ ਹੈ। ਲਿਹਾਜ਼ਾ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਖਪਤਕਾਰਾਂ ਤੋਂ ਜ਼ਿਆਦਾ ਪੈਸੇ ਵਸੂਲ ਕੀਤੇ ਜਾ ਰਹੇ ਹਨ, ਜਿਸ ਕਾਰਨ ਉਹ ਪੈਸਾ ਵਾਪਸ ਕੀਤਾ ਜਾਵੇ।