ਮਾਨਸਾ: ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਦੇ ਲਈ ਬਾਦਲ ਪਿੰਡ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ ਚੱਲ ਰਹੇ ਧਰਨੇ ਵਿੱਚ ਕਿਸਾਨ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਕਿਸਾਨ ਪ੍ਰੀਤਮ ਸਿੰਘ ਨੇ ਬੀਤੇ ਕੱਲ ਸ਼ੁੱਕਰਵਾਰ ਨੂੰ ਖ਼ੁਦਕੁਸ਼ੀ ਕਰ ਲਈ ਸੀ।
ਇਸ ਤੋਂ ਬਾਅਦ ਈਟੀਵੀ ਭਾਰਤ ਵੱਲੋਂ ਕਿਸਾਨ ਦੇ ਘਰ ਜਾ ਕੇ ਦੇ ਹਲਾਤ ਜਾਣਨ ਦੀ ਕਸ਼ਿਸ਼ ਕੀਤੀ ਗਈ। ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਕਿਹਾ ਕਿ ਪਰਿਵਾਰ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਂਦਾ ਆਇਆ ਹੈ ਅਤੇ ਪ੍ਰੀਤਮ ਸਿੰਘ ਵੱਲੋਂ ਕਿਤੇ ਵੀ ਪੰਜਾਬ ਵਿੱਚ ਕਿਸਾਨੀ ਨੂੰ ਲੈ ਕੇ ਕੋਈ ਘੋਲ ਹੁੰਦਾ ਤਾਂ ਪ੍ਰੀਤਮ ਸਿੰਘ ਉਸ ਕੋਲ ਜ਼ਰੂਰ ਸ਼ਮੂਲੀਅਤ ਕਰਦਾ ਸੀ। ਕਿਸਾਨ ਪ੍ਰੀਤਮ ਸਿੰਘ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਅਤੇ ਕਰਜ਼ਦਾਰ ਹੋਣ ਦੇ ਚੱਲਦਿਆਂ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਚੁੱਕਾ ਹੈ।
ਮ੍ਰਿਤਕ ਪ੍ਰੀਤਮ ਸਿੰਘ ਦੀ ਧੀ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲੜੇ ਜਾਂਦੇ ਘੋਲਾਂ ਦੇ ਵਿੱਚ ਸ਼ਮੂਲੀਅਤ ਕਰਦਾ ਆਇਆ ਹੈ। ਪ੍ਰੀਤਮ ਸਿੰਘ ਵੀ ਲੰਬੇ ਸਮੇਂ ਤੋਂ ਕਿਸਾਨੀ ਘੋਲਾਂ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਬਾਦਲ ਵਿਖੇ ਚੱਲ ਰਹੇ ਘੋਲ ਦੌਰਾਨ ਵੀ ਪ੍ਰੀਤਮ ਸਿੰਘ ਨੇ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅਤੇ ਕਰਜ਼ਦਾਰ ਹੋਣ ਦੇ ਕਾਰਨ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਛੇ ਏਕੜ ਜ਼ਮੀਨ ਹੈ ਅਤੇ ਸਤਾਰਾਂ ਲੱਖ ਰੁਪਏ ਦਾ ਪਰਿਵਾਰ ਕਰਜ਼ਦਾਰ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਵੀ ਪ੍ਰੀਤਮ ਸਿੰਘ ਦੇ ਸਿਰੋਂ ਹੀ ਚੱਲਦਾ ਸੀ ਤੇ ਘਰ ਦਾ ਮੋਹਰੀ ਪ੍ਰੀਤਮ ਸਿੰਘ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰਨ ਦੇ ਵਾਅਦੇ ਤਾਂ ਬਹੁਤ ਕਰਦੀ ਹੈ ਪਰ ਕਿਸਾਨਾਂ ਦੇ ਕਰਜ਼ ਮਾਫ ਨਹੀਂ ਕਰਦੀ। ਜਿਸ ਦੇ ਚੱਲਦਿਆਂ ਕਈ ਕਿਸਾਨ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਉਨ੍ਹਾਂ ਦੇ ਪਰਿਵਾਰ ਦਾ ਸਾਰਾ ਕਰਜ਼ ਮੁਆਫ਼ ਕਰੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਵੇ।
ਪਿੰਡ ਵਾਸੀ ਜਮਰੌਦ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਅਤੇ ਪਰਿਵਾਰ ਕੋਲ 6 ਏਕੜ ਜ਼ਮੀਨ ਹੈ ਜਿਨ੍ਹਾਂ ਦੇ ਵਿੱਚੋਂ ਦੋ ਏਕੜ ਜ਼ਮੀਨ 5 ਲੱਖ ਰੁਪਏ ਦੇ ਵਿੱਚ ਗਹਿਣੇ ਅਤੇ 2 ਏਕੜ ਜ਼ਮੀਨ ਮਾਰੂ ਹੈ। ਜਿਸ ਵਿੱਚ ਕੋਈ ਵੀ ਫ਼ਸਲ ਨਹੀਂ ਹੁੰਦੀ ਉਨ੍ਹਾਂ ਕਿਹਾ ਕਿ ਪ੍ਰੀਤਮ ਸਿੰਘ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਜਿਸ ਦੇ ਚੱਲਦੇ ਉਸ ਨੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਕਰਜ਼ ਮਾਫ਼ ਕੀਤਾ ਜਾਵੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 10 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇ।