ਮਾਨਸਾ: ਅਨਾਜ ਮੰਡੀ ਵਿੱਚ ਨਰਮੇ ਦੀ ਸਰਕਾਰੀ ਖਰੀਦ ਏਜੰਸੀ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਖਰੀਦ ਸ਼ੁਰੂ ਕਰਨ ਨਾਲ ਕਿਸਾਨ ਵੱਡੀ ਗਿਣਤੀ ਵਿੱਚ ਨਰਮਾ ਲੈ ਕੇ ਪੁੱਜ ਰਹੇ ਹਨ। ਅਨਾਜ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਦੀ ਭਾਰੀ-ਭੀੜ ਅਤੇ ਟਰਾਲੀਆਂ ਦੀ ਭੀੜ ਵਿਖਾਈ ਦੇ ਰਹੀ ਹੈ। ਸ਼ਹਿਰ ਵਿੱਚ ਦੂਰ-ਦੂਰ ਤੱਕ ਸੜਕ 'ਤੇ ਨਰਮੇ ਦੀਆਂ ਭਰੀਆਂ ਟਰਾਲੀਆਂ ਵਿਖਾਈ ਦੇ ਰਹੀਆਂ ਹਨ।
ਭਾਵੇਂ ਖਰੀਦ ਏਜੰਸੀ ਨੇ ਖਰੀਦ ਸ਼ੁਰੂ ਕੀਤੀ ਹੈ ਪਰ ਫਿਰ ਵੀ ਕਿਸਾਨ ਖੱਜਲ ਹੋ ਰਹੇ ਹਨ। ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਵੱਲੋਂ ਕਦੋਂ ਖਰੀਦ ਕੀਤੀ ਜਾਂਦੀ ਹੈ, ਬਾਰੇ ਸਮਾਂ ਨਹੀਂ ਦੱਸਿਆ ਜਾ ਰਿਹਾ। ਉਹ ਸਵੇਰੇ 4 ਵਜੇ ਤੋਂ ਇਥੇ ਨਰਮਾ ਲੈ ਕੇ ਖੜੇ ਹਨ ਪਰ ਕੋਈ ਵੀ ਅਧਿਕਾਰੀ ਨਰਮਾ ਖਰੀਦ ਕਰਨ ਲਈ ਨਹੀਂ ਪੁੱਜ ਰਿਹਾ।
ਕਿਸਾਨਾਂ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀ ਵੱਲੋਂ ਖਰੀਦ ਨਾ ਕਰਨ 'ਤੇ ਪ੍ਰਾਈਵੇਟ ਖਰੀਦਦਾਰ 700-800 ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ 'ਤੇ ਨਰਮਾ ਖਰੀਦ ਕਰਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਸੁਸਤ ਰਫ਼ਤਾਰ ਨਾਲ ਸਰਕਾਰੀ ਖਰੀਦ ਏਜੰਸੀ ਨਰਮੇ ਦੀ ਖਰੀਦ ਕਰ ਰਹੀ ਹੈ, ਉਸ ਹਿਸਾਬ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ।
ਉਧਰ, ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਭੀੜ ਮਾਰਕੀਟ ਕਮੇਟੀ ਵੱਲੋਂ ਫ਼ਸਲ ਦਾ ਮੰਡੀਕਰਨ ਠੀਕ ਢੰਗ ਵੱਜੋਂ ਹੈ, ਕਿਉਂਕਿ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲ ਰਿਹਾ ਹੈ ਅਤੇ ਸਹੀ ਸਮੇਂ 'ਤੇ ਫ਼ਸਲ ਚੁੱਕੀ ਜਾ ਰਹੀ ਹੈ। ਨਤੀਜੇ ਵੱਜੋਂ ਆਸ-ਪਾਸ ਦੀਆਂ ਮੰਡੀਆਂ ਦੇ ਕਿਸਾਨ ਵੀ ਨਰਮਾ ਲੈ ਕੇ ਪੁੱਜ ਰਹੇ ਹਨ, ਜਿਸ ਕਾਰਨ ਭੀੜ ਲੱਗੀ ਹੋਈ ਹੈ।
ਸੀਸੀਆਈ ਵੱਲੋਂ ਖਰੀਦ ਨਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਹੁਣ ਤੱਕ ਮਾਨਸਾ ਦੀ ਅਨਾਜ ਮੰਡੀ ਵਿੱਚ ਕੁਲ 45 ਹਜ਼ਾਰ ਕੁਇੰਟਲ ਨਰਮਾ ਆ ਚੁੱਕਿਆ ਹੈ, ਜਿਸ ਵਿੱਚੋਂ 30 ਹਜ਼ਾਰ ਕੁਇੰਟਲ ਨਰਮੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਦੀ ਰਿਪੋਰਟ ਅਨੁਸਾਰ 80 ਫ਼ੀਸਦੀ ਨਰਮਾ ਖਰੀਦਿਆ ਜਾ ਚੁੱਕਾ ਹੈ।